ਝੜਮੜੀ ਬੈਰੀਅਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ

ਝੜਮੜੀ ਬੈਰੀਅਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ
ਸਰਕਾਰੀ ਖਜਾਨੇ ਨੂੰ ਲੱਗ ਰਿਹਾ ਹੈ ਲੱਖਾਂ ਦਾ ਚੂਨਾ
ਲਾਲੜੂ, 20 ਜੁਲਾਈ (ਅਭਿਸ਼ੇਕ ਸੂਦ) ਜਿਲ੍ਹਾ ਮੁਹਾਲੀ ਦੇ ਝੜਮੜੀ ਬੈਰੀਅਰ ਤੇ ਦੂਜੇ ਰਾਜਾਂ ਤੋਂ ਆ ਰਹੇ ਵਪਾਰਕ ਵਾਹਨਾਂ ਤੇ ਵਸੂਲੇ ਜਾਣ ਵਾਲੇ ਰੋਡ ਟੈਕਸ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ| ਹਰ ਇੱਕ ਕਮਰਸ਼ੀਅਲ ਵਹੀਕਲ ਦੇ ਚਾਲਕ ਕੋਲੋਂ ਤੈਅ ਰਕਮ ਤੋਂ ਜ਼ਿਆਦਾ ਰਾਸ਼ੀ ਵਸੂਲੀ ਜਾ ਰਹੀ ਹੈ| ਇੰਨਾ ਹੀ ਨਹੀਂ, ਉੱਥੇ ਨਕਲੀ ਪਰਚੀਆਂ ਕੱਟ ਕੇ ਟੈਕਸ ਵਸੂਲਣ ਬਾਰੇ ਵੀ ਪਤਾ ਲੱਗਾ ਹੈ|
ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੀਡੀਆ ਦੀ ਇੱਕ ਟੀਮ ਨੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਆ ਰਹੀਆਂ ਵਪਾਰਕ ਗੱਡੀਆਂ ਦੇ ਡ੍ਰਾਈਵਰਾਂ ਨਾਲ ਗੱਲ ਕੀਤੀ| ਡ੍ਰਾਈਵਰਾਂ ਨੇ ਮੀਡੀਆ ਨੂੰ ਦੱਸਿਆ ਕਿ ਪਰਚੀ 220 ਦੀ ਕੱਟੀ ਜਾ ਰਹੀ ਹੈ ਪਰ ਉਨ੍ਹਾਂ ਤੋਂ 270 ਦੇ ਹਿਸਾਬ ਨਾਲ ਪੈਸੇ ਲਏ ਜਾ ਰਹੇ ਹਨ| ਮੀਡੀਆ ਦੀ ਟੀਮ ਨੇ ਇਹ ਵੀ ਪਤਾ ਲਗਾਇਆ ਕਿ ਉੱਥੇ ਰੋਡ ਟੈਕਸ ਦੇ ਨਾਮ ਤੇ ਨਕਲੀ ਰਸੀਦ ਕੱਟਣ ਦਾ ਕੰਮ ਵੀ ਬਿਨਾਂ ਰੋਕ – ਟੋਕ ਚੱਲ ਰਿਹਾ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ|
ਅਜਿਹਾ ਹੀ ਇੱਕ ਮਾਮਲਾ ਹਰਿਆਣਾ ਵਿੱਚ ਵੀ ਉਜਾਗਰ ਹੋਇਆ ਸੀ| ਜਿਸ ਤੇ ਕਾਰਵਾਈ ਕਰਦਿਆਂ ਹਰਿਆਣਾ ਪੁਲੀਸ ਵੱਲੋਂ ਇੱਕ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਲ੍ਹੇ ਦੇ ਟਰਾਂਸਪੋਰਟ ਅਧਿਕਾਰੀ ਇਸ ਬਾਰੇ ਅਣਜਾਨ ਬਣੇ ਹੋਏ ਹਨ| ਮੀਡੀਆ ਦੇ ਮਾਮਲੇ ਚੁੱਕਣ ਤੇ ਆਰਟੀਓ ਮੁਹਾਲੀ ਸੁਖਵਿੰਦਰ ਕੁਮਾਰ ਨੇ ਦੱਸਿਆ ਦੇ ਅੱਜ ਉਹ ਘਨੌਲੀ ਬੈਰੀਅਰ ਤੇ ਜਾਂਚ ਕਰਵਾ ਰਹੇ ਹਨ ਅਤੇ ਝੜਮੜੀ ਬੈਰੀਅਰ ਤੇ ਖੁਦ ਜਾਂਚ ਲਈ ਜਾਣਗੇ| ਸੁਖਵਿੰਦਰ ਕੁਮਾਰ ਨੇ ਦੱਸਿਆ ਕਿਸੇ ਵੀ ਹਾਲਤ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਝੜਮੜੀ ਬੈਰੀਅਰ ਤੇ ਤੈਨਾਤ ਮੁਲਾਜਮਾਂ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਜਾਵੇਗਾ| ਜ਼ਿਕਰਯੋਗ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਚੁੱਪੀ ਧਾਰਨ ਕਰਦੇ ਹੋਏ ਮੁਲਾਜ਼ਮ ਨੂੰ ਬਦਲਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੇ ਹਨ ਪਰ ਇੰਨੀ ਦੇਰ ਤੋਂ ਜੋ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਉਸ ਬਾਰੇ ਅਧਿਕਾਰੀ ਕੁੱਝ ਨਹੀਂ ਬੋਲ ਰਹੇ ਹਨ|

Leave a Reply

Your email address will not be published. Required fields are marked *