ਝੱਜੋ ਟਿਵਾਣਾ ਘੱਗਰ ਨਦੀ ਤੇ ਬਣਿਆ ਲੱਕੜ ਦਾ ਪੁਲ ਟੁੱਟਿਆ

ਬਨੂੜ, 14 ਅਗਸਤ (ਅਭਿਸ਼ੇਕ ਸੂਦ) ਬਨੂੜ ਨੇੜਲੇ ਪਿੰਡ ਝੱਜੋ ਤੋਂ ਟਿਵਾਣਾ ਘੱਗਰ ਨਦੀ ਤੇ ਬਣਿਆ ਲੱਕੜੀ ਦਾ ਪੁਲ ਪਾਣੀ ਦੇ ਤੇਜ਼ ਬਹਾਓ ਨਾਲ ਟੁੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਬਰਸਾਤਾਂ ਦੇ ਦਿਨਾਂ ਵਿੱਚ ਘੱਗਰ ਨਦੀ ਦਾ ਪਾਣੀ ਅਚਾਨਕ ਵੱਧ ਗਿਆ ਹੈ| ਜਿਸ ਨਾਲ ਘੱਗਰ ਨਦੀ ਦੇ ਦੋਵੇਂ ਪਾਸੇ ਦੇ ਪਿੰਡਾ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਜਾਣਕਾਰੀ ਅਨੁਸਾਰ ਪਿੰਡ ਝੱਜੋ ਅਤੇ ਟਿਵਾਣਾ ਦੇ ਵਿਚਕਾਰ ਘੱਗਰ ਨਦੀ ਤੋਂ ਹੋ ਕੇ ਰਸਤਾ ਨਿਕਲਦਾ ਹੈ| ਕਰੀਬ ਦੋ ਦਰਜਨ ਪਿੰਡਾਂ ਨੂੰ ਝੱਜੋ ਟਿਵਾਣਾ ਘੱਗਰ ਨਦੀ ਤੇ ਬਣਿਆ ਲੱਕੜੀ ਦਾ ਪੁਲ ਆਪਸ ਵਿੱਚ ਜੋੜਦਾ ਹੈ| ਘੱਗਰ ਨਦੀ ਵਿੱਚ ਵਧੇ ਜਲ ਪੱਧਰ ਨਾਲ ਇਹ ਰਸਤਾ ਬੰਦ ਹੋ ਗਿਆ ਹੈ| ਇਸ ਸਥਿਤੀ ਵਿੱਚ ਘੱਗਰ ਦੇ ਦੋਵੇਂ ਪਾਸੇ ਪਿੰਡਾਂ ਦੇ ਲੋਕਾਂ ਨੂੰ ਇੱਧਰ ਉੱਧਰ ਜਾਣ ਲਈ ਕਾਫੀ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ| ਪਿੰਡ ਟਿਵਾਣਾ ਦੇ ਜ਼ਿਆਦਾਤਰ ਕਿਸਾਨਾਂ ਦੇ ਖੇਤ ਘੱਗਰ ਦੇ ਪਾਰ ਹਨ| ਪਿੰਡ ਝੱਜੋ ਦੇ ਲੋਕਾਂ ਨੇ ਘੱਗਰ ਨਦੀ ਉੱਤੇ ਇੱਧਰ ਉੱਧਰ ਜਾਣ ਲਈ ਲੱਕੜੀ ਦਾ ਆਰਜ਼ੀ ਪੁਲ ਬਣਾਇਆ ਹੋਇਆ ਸੀ| ਲੱਕੜੀ ਦੇ ਇਸ ਪੁਲ ਤੋਂ ਮੋਟਰਸਾਈਕਲ ਸਮੇਤ ਆਸਾਨੀ ਨਾਲ ਘੱਗਰ ਨੂੰ ਪਾਰ ਕਰ ਲਿਆ ਜਾਂਦਾ ਸੀ| ਪਾਣੀ ਦੇ ਤੇਜ਼ ਬਹਾਓ ਨਾਲ ਹੁਣ ਇਹ ਪੁਲ ਟੁੱਟ ਗਿਆ ਹੈ| ਲੋਕਾਂ ਨੇ ਦੱਸਿਆ ਕਿ ਹਰ ਸਾਲ ਇਸ ਤਰ੍ਹਾਂ ਹੀ ਲੱਕੜੀ ਦਾ ਆਰਜ਼ੀ ਪੁਲ ਬਣਾਉਣਾ ਪੈਂਦਾ ਹੈ| ਪਿੰਡ ਝੱਜੋ ਟਿਵਾਣਾ ਦੇ ਵਿੱਚ ਘੱਗਰ ਨਦੀ ਤੇ ਕਾਰ ਸੇਵਾ ਦੇ ਦੁਆਰਾ ਸਿਮੀਟਡ ਪੁਲ ਬਣਾਇਆ ਜਾ ਰਿਹਾ ਹੈ| ਇਹ ਕੰਮ ਕਾਰ ਸੇਵਾ ਨਾਲ ਬਾਬਾ ਕੁਲਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ| ਬਾਬਾ ਕੁਲਜੀਤ ਸਿੰਘ ਨੇ ਦੱਸਿਆ ਕਿ ਪੁਲ ਨਿਰਮਾਣ ਦੇ ਲਈ 6 ਪਿੱਲਰ ਬਣਾਏ ਜਾ ਚੁੱਕੇ ਹਨ| ਬਰਸਾਤ ਦੇ ਮੌਸਮ ਕਰ ਕੇ ਪਿਛਲੇ 15 ਦਿਨਾ ਤੋਂ ਕੰਮ ਬੰਦ ਪਿਆ ਹੈ| ਝੱਜੋ ਦੇ ਰਹਿਣ ਵਾਲੇ ਹਰਦਿਆਲ ਸਿੰਘ, ਬਲਦੇਵ ਸਿੰਘ,ਹਾਕਮ ਸਿੰਘ ਨੇ ਦੱਸਿਆ ਕਿ ਘੱਗਰ ਨਦੀ ਤੇ ਪੁਲ ਬਣ ਜਾਵੇ ਤਾਂ ਇਲਾਕੇ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ|

Leave a Reply

Your email address will not be published. Required fields are marked *