ਟਕਸਾਲੀ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਕੁੰਭੜਾ ਦਾ ਦਿਹਾਂਤ,15 ਨਵੰਬਰ ਨੂੰ ਮੁਹਾਲੀ ਦੇ ਸਮਸ਼ਾਨ ਘਾਟ ਵਿਖੇ ਹੋਵੇਗਾ ਅੰਤਿਮ ਸਸਕਾਰ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਟਕਸਾਲੀ ਅਕਾਲੀ ਆਗੂ ਅਤੇ ਨਾਮਵਰ ਸਮਾਜ ਸੇਵੀ ਜਥੇਦਾਰ  ਬਲਦੇਵ ਸਿੰਘ ਕੁੰਭੜਾ (82 ਸਾਲ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ| ਉਨ੍ਹਾਂ ਦਾ ਸਸਕਾਰ 15 ਨਵੰਬਰ ਬੁੱਧਵਾਰ ਨੂੰ ਸਵੇਰੇ ਬਾਰਾਂ ਵਜੇ ਮੁਹਾਲੀ ਦੇ ਸਮਸ਼ਾਨ ਘਾਟ ਬਲੌਂਗੀ ਵਿਖੇ ਹੋਵੇਗਾ| ਜਥੇਦਾਰ ਕੁੰਭੜਾ ਆਪਣੇ ਪਿੱਛੇ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ|
ਜਥੇਦਾਰ ਕੁੰਭੜਾ ਪਿੰਡ ਕੁੰਭੜਾ ਦੇ ਸਰਪੰਚ ਰਹੇ| ਅਕਾਲੀ ਦਲ ਦੇ ਵੱਖ ਵੱਖ ਅਹੁਦਿਆਂ ਉੱਤੇ ਕਾਰਜਸ਼ੀਲ ਰਹੇ| ਉਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਖਰੜ ਹਲਕੇ ਦੇ ਸਵਰਗੀ ਅਕਾਲੀ ਵਿਧਾਇਕ ਬਚਿੱਤਰ ਸਿੰਘ ਪਡਿਆਲਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ| ਉਨ੍ਹਾਂ ਧਰਮ ਯੁੱਧ ਮੋਰਚੇ ਤੇ ਅਕਾਲੀ ਦਲ ਦੇ ਕਈ ਹੋਰ ਸੰਘਰਸ਼ਾਂ ਵਿੱਚ ਜੇਲ੍ਹ ਵੀ ਕੱਟੀ|
ਜਥੇਦਾਰ ਬਲਦੇਵ ਸਿੰਘ  ਕੁੰਭੜਾ ਨੇ ਸਮਾਜ ਸੇਵਾ ਦੀ ਮਨਸ਼ਾ ਨਾਲ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ| ਉਨ੍ਹਾਂ ਮੁਹਾਲੀ ਵਿਖੇ ਬਾਬਾ ਮੱਲ ਦਾਸ ਪਬਲਿਕ ਸਕੂਲ ਖੋਲ੍ਹਿਆ, ਜਿਹੜਾ ਬੱਚਿਆਂ ਨੂੰ ਬਿਨਾਂ ਕਿਸੇ ਮੁਨਾਫ਼ੇ ਦੇ ਸਿੱਖਿਆ ਪ੍ਰਦਾਨ ਕਰ ਰਿਹਾ ਹੈ| ਮੁਹਾਲੀ, ਰੋਪੜ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸੌ ਤੋਂ ਵਧੇਰੇ ਪਿੰਡਾਂ ਵਿੱਚ ਉਨ੍ਹਾਂ ਲੜਕੀਆਂ ਲਈ ਇੱਕ ਸਾਲ ਦੇ ਮੁਫ਼ਤ ਸਿਲਾਈ ਕਢਾਈ ਕੇਂਦਰ ਖੋਲ ਕੇ ਪੰਜ ਹਜ਼ਾਰ ਤੋਂ ਵੱਧ ਲੜਕੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਾਈ|
ਹਰ ਸਾਲ ਮੁਹਾਲੀ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਲਗਾਕੇ ਉਹ ਪੰਜ ਸੌ ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ  ਅਪਰੇਸ਼ਨ ਕਰਾਉਣ ਤੋਂ ਇਲਾਵਾ ਹਰ ਸਾਲ ਦਰਜਨ ਤੋਂ ਵੱਧ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਵੀ ਕਰਾਉਂਦੇ ਸਨ| ਉਨ੍ਹਾਂ ਮੁਹਾਲੀ ਵਿਖੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਡਾਕਟਰ ਬੁਲਾਕੇ ਪੋਲੀਓ ਦੇ ਦਰਜਨਾਂ ਮਰੀਜ਼ਾਂ ਦੇ ਅਪਰੇਸ਼ਨ ਦਾ ਵੀ ਪ੍ਰਬੰਧ ਕੀਤਾ ਸੀ|
ਸਾਂਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕਾ ਬੀਬੀ ਦਲਜੀਤ ਕੌਰ ਪਡਿਆਲਾ, ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ, ਸ੍ਰ. ਗੁਰਮੀਤ ਸਿੰਘ ਵਾਲੀਆ, ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰ. ਸਰਬਜੀਤ ਸਿੰਘ ਸਮਾਣਾ (ਸਾਰੇ ਕੌਂਸਲਰ) ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ  ਜਥੇਦਾਰ ਸਾਧੂ ਸਿੰਘ ਟੋਡਰ ਮਾਜਰਾ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਦੇ ਸਾਰੇ ਮੈਂਬਰਾਂ, ਬੀਐਮਡੀ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਜਥੇਦਾਰ ਬਲਦੇਵ ਸਿੰਘ ਕੁੰਭੜਾ ਦੇ ਦਿਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਜਥੇਦਾਰ ਕੁੰਭੜਾ ਨਮਿੱਤ ਪਾਠ ਦਾ ਭੋਗ 18 ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਫ਼ੇਜ਼ ਅੱਠ ਮੁਹਾਲੀ ਵਿਖੇ ਪਵੇਗਾ|

Leave a Reply

Your email address will not be published. Required fields are marked *