ਟਰੂਡੋ ਨੇ ਸਾਊਦੀ ਬਲਾਗਰ ਦੀ ਰਿਹਾਈ ਲਈ ਫਿਰ ਕੀਤੀ ਅਪੀਲ

ਓਟਾਵਾ, 19 ਜਨਵਰੀ (ਸ.ਬ.) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਊਦੀ ਅਰਬ ਅੱਗੇ ਇਕ ਵਾਰ ਫਿਰ ਸਾਊਦੀ ਬਲਾਗਰ ਦੀ ਰਿਹਾਈ ਲਈ ਅਪੀਲ ਕੀਤੀ ਹੈ| ਸਾਊਦੀ ਬਲਾਗਰ ਰੈਫ ਬਦਾਵੀ ਦੀ ਰਿਹਾਈ ਨੂੰ ਆਪਣੀ ਅਤੇ ਕੈਨੇਡਾ ਦੀ ਪਹਿਲ (ਪ੍ਰੀਓਰਿਟੀ) ਦੱਸਦੇ ਹੋਏ ਟਰੂਡੋ ਨੇ ਕਿਹਾ ਕਿ ਉਹ ਬਦਾਵੀ ਦੀ ਰਿਹਾਈ ਦੀ ਮੰਗ ਕਰਦੇ ਰਹਿਣਗੇ| ਉਨ੍ਹਾਂ ਕਿਹਾ ਕੈਨੇਡਾ ਦੇ ਲੋਕਾਂ ਦੀ ਨਜ਼ਰ ਵਿੱਚ ਸਾਊਦੀ ਅਰਬ ਦੀ ਪਛਾਣ ਬਦਾਵੀ ਨਾਲ ਉਸ ਦੇ ਵਿਵਹਾਰ ਤੋਂ ਬਣੀ ਹੈ| ਬਦਾਵੀ ਨੂੰ ਇਸਲਾਮ ਦਾ ਅਪਮਾਨ ਕਰਨ ਦੇ ਦੋਸ਼ ਵਿੱਚ 10 ਸਾਲ ਜੇਲ ਅਤੇ 1,000 ਹੰਟਰ ਮਾਰੇ ਜਾਣ ਦੀ ਸਜ਼ਾ ਸੁਣਾਈ ਗਈ ਹੈ|
ਹੁਣ ਤਕ ਉਸ ਨੂੰ 50 ਹੰਟਰ ਮਾਰੇ ਜਾ ਚੁੱਕੇ ਹਨ| ਬਦਾਵੀ ਦੇ ਜੇਲ ਜਾਣ ਤੋਂ ਇਕ ਸਾਲ ਬਾਅਦ 2013 ਤੋਂ ਹੀ ਉਸ ਦੀ ਪਤਨੀ ਅਤੇ ਬੱਚੇ ਕੈਨੇਡਾ ਵਿੱਚ ਰਹਿ ਰਹੇ ਹਨ| ਪੂਰੇ ਪਰਿਵਾਰ ਨੂੰ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਸ਼ਰਣ ਮਿਲੀ ਹੋਈ ਹੈ| ਉਨ੍ਹਾਂ ਜੇਲ ਵਿੱਚ ਬੰਦ ਬਲਾਗਰ ਦੀ ਪਤਨੀ ਨੂੰ ਮਿਲ ਕੇ ਸਾਊਦੀ ਅਰਬ ਅੱਗੇ ਇਹ ਅਪੀਲ ਕੀਤੀ|
ਟਰੂਡੋ ਨੇ ਕਿਹਾ,”ਰੈਫ ਦੀ ਰਿਹਾਈ ਨਾ ਸਿਰਫ ਮੇਰੇ ਲਈ ਸਗੋਂ ਕੈਨੇਡਾ ਦੇ ਸਾਰੇ ਲੋਕਾਂ ਲਈ ਬਹੁਤ ਖਾਸ ਹੈ| ਉਨ੍ਹਾਂ ਕਿਹਾ ਕਿ ਅਸੀਂ ਸਾਊਦੀ ਅਰਬ ਨੂੰ ਇਸ ਸਬੰਧ ਵਿੱਚ ਸਮਝਾਉਣਾ ਜਾਰੀ ਰੱਖਾਂਗੇ ਅਤੇ ਰੈਫ ਬਦਾਵੀ ਦੀ ਰਿਹਾਈ ਲਈ ਪ੍ਰਤੱਖ ਅਤੇ ਅਪ੍ਰਤੱਖ ਤਰੀਕੇ ਨਾਲ ਦਬਾਅ ਬਣਾਉਂਦੇ ਰਹਾਂਗੇ| ਅਸੀਂ ਉਨ੍ਹਾਂ ਨੂੰ ਮੁਆਫੀ ਦੇਣ ਦੀ ਅਪੀਲ ਕਰਦੇ ਰਹਾਂਗੇ|” ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਦਸੰਬਰ 2018 ਦੀ ਸ਼ੁਰੂਆਤ ਵਿੱਚ ‘ਬਿਊਨਸ ਆਇਰਜ਼ ਜੀ-20 ਸੰਮੇਲਨ’ ਤੋਂ ਇਲਾਵਾ ਮੁਲਾਕਾਤ ਹੋਈ ਸੀ|

Leave a Reply

Your email address will not be published. Required fields are marked *