ਟਰੰਪ ਟਾਵਰ ਨੇੜੇ ਲਾਵਾਰਿਸ ਬੈਗ ਦੇਖ ਕੇ ਮਚੀ ਹਫੜਾ-ਦਫੜੀ

ਵਾਸ਼ਿੰਗਟਨ, 28 ਦਸੰਬਰ (ਸ.ਬ.) ਪੁਲੀਸ ਨੇ ਖਿਡੌਣਿਆਂ ਨਾਲ ਭਰਿਆ ਲਾਵਾਰਿਸ ਬੈਗ ਮਿਲਣ ਤੇ ਟਰੰਪ ਟਾਵਰ ਦੀ ਲਾਬੀ ਨੂੰ ਹਫੜਾ-ਦਫੜੀ ਵਿੱਚ ਖਾਲੀ ਕਰਾਇਆ ਗਿਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਬੈਗ ਵਿੱਚ ਬੱਚਿਆਂ ਦੇ ਖਿਡੌਣੇ ਸਨ| ਉੱਥੇ ਮੌਜੂਦ ਇਕ ਵਿਅਕਤੀ ਵਲੋਂ ਬਣਾਏ ਗਏ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਲੋਕ ਬਾਹਰ ਨਿਕਲਣ ਲਈ ਲਾਬੀ ਵੱਲ ਦੌੜ ਰਹੇ ਹਨ| ਇਹ ਵੀਡੀਓ ਟਵਿੱਟਰ ਤੇ ਪੋਸਟ ਕੀਤੀ ਗਈ ਹੈ|
ਨਿਊਯਾਰਕ ਪੁਲੀਸ ਵਿਭਾਗ ਦੇ ਬੁਲਾਰੇ ਸਟੀਫਨ ਡੇਵਿਸ ਨੇ ਕਿਹਾ ਕਿ ਇਮਾਰਤ ਵਿੱਚ ਨਾਈਕਟਾਊਨ ਸਟੋਰ ਦੇ ਦਾਖਲ ਦਰਵਾਜ਼ੇ ਤੇ ਇਕ ਪਿੱਠੂ ਬੈਗ ਮਿਲਿਆ| ਬੰਬ ਰੋਕੂ ਦਸਤੇ ਨੇ ਇਸ ਬੈਗ ਦੀ ਜਾਂਚ ਕੀਤੀ ਅਤੇ ਸਥਾਨਕ ਸਮੇਂ ਮੁਤਾਬਕ ਸ਼ਾਮ 5 ਵਜੇ ਸਭ ਸਹੀ ਹੋਣ ਦੀ ਗੱਲ ਕਹੀ ਗਈ| ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਟਾਵਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਦਫਤਰ ਵੀ ਉੱਥੇ ਹੈ| ਹਾਲਾਂਕਿ ਇਸ ਘਟਨਾ ਸਮੇਂ ਉਹ ਫਲੋਰੀਡਾ ਵਿੱਚ ਆਪਣੇ ਮਾਰ-ਆ-ਲਾਗੋ ਅਸਟੇਟ ਵਿੱਚ ਸਨ| ਨਿਊਯਾਰਕ ਸ਼ਹਿਰ ਦੇ ਹੰਟਿੰਗਟਨ ਉਪਨਗਰ ਨਿਵਾਸੀ 16 ਸਾਲਾ ਐਂਡੀ ਮਾਰਟਿਨ ਨੇ ਦੱਸਿਆ,’ਸਾਨੂੰ ਬਹੁਤ ਜਲਦੀ-ਜਲਦੀ ਬਾਹਰ ਕੱਢਿਆ ਗਿਆ| ਇਹ ਬਹੁਤ ਜਲਦੀ ਹੋਇਆ| ਪੁਲੀਸ ਚੀਕਾਂ ਮਾਰ ਰਹੀ ਸੀ ਅਤੇ ਲੋਕਾਂ ਨੂੰ ਉੱਥੋਂ ਜਾਣ ਲਈ ਕਹਿ ਰਹੀ ਸੀ|’

Leave a Reply

Your email address will not be published. Required fields are marked *