ਟਰੰਪ ਦੀ ਨਿੰਦਾ ਕਰਨੀ ਪੈ ਗਈ ਮਹਿੰਗੀ, ਮਹਿਲਾ ਪਾਇਲਟ ਨੂੰ ਜਹਾਜ਼ ਵਿੱਚੋਂ ਕੱਢਿਆ ਬਾਹਰ

ਹਿਊਸਟਨ, 13 ਫਰਵਰੀ (ਸ.ਬ.) ਆਸਟੀਨ ਦੀ ਇਕ ਮਹਿਲਾ ਪਾਇਲਟ ਨੂੰ ਯਾਤਰੀਆਂ ਦੇ ਸਾਹਮਣੇ ਆਪਣੇ ਤਲਾਕ ਦਾ ਰੋਣਾ ਰੋਣ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਾਸ਼ਟਰਪਤੀ ਚੋਣ ਦੀ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਦੀ ਨਿੰਦਾ ਕਰਨੀ ਮਹਿੰਗੀ ਪੈ ਗਈ| ਅਜਿਹਾ ਕਰਨ ਤੇ ਮਹਿਲਾ ਪਾਇਲਟ ਨੂੰ ਹਟਾ ਦਿੱਤਾ ਹੈ ਅਤੇ ਉਸ ਨੂੰ ਜਹਾਜ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ| ਯੂਨਾਈਟੇਡ ਏਅਰਲਾਈਨਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਸਟੀਨ ਤੋਂ ਸੈਨ ਫਰਾਂਸਿਸਕੋ ਜਾ ਰਹੀ ਮਹਿਲਾ ਪਾਇਲਟ ਨੂੰ ਜਹਾਜ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ|
ਇਕ ਬਿਆਨ ਵਿੱਚ ਯੂਨਾਈਟੇਡ ਏਅਰਲਾਈਨਜ਼ ਨੇ ਕਿਹਾ ਕਿ ਅਸੀਂ ਆਪਣੇ ਕਰਮਚਾਰੀਆਂ ਵਿੱਚ ਉਚ ਮਾਪਦੰਡਾਂ ਦਾ ਧਿਆਨ ਰੱਖਦੇ ਹਾਂ, ਇਸ ਲਈ  ਮਹਿਲਾ ਪਾਇਲਟ ਦੇ ਅਜਿਹੇ ਵਤੀਰੇ ਨੂੰ ਦੇਖਦੇ ਹੋਏ ਉਸ ਨੂੰ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ ਤੇ ਨਵਾਂ ਪਾਇਲਟ ਤਾਇਨਾਤ ਕੀਤਾ ਗਿਆ| ਇਹ ਜਹਾਜ਼ ਤੁਰੰਤ ਹੀ ਉਡਾਣ ਭਰਨ ਵਾਲਾ ਸੀ|
ਜਹਾਜ਼ ਵਿੱਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਬਿਨਾਂ ਵਰਦੀ ਪਹਿਨੇ ਇਕ ਮਹਿਲਾ ਪਾਇਲਟ ਨੇ ਜਹਾਜ਼ ਦੇ ਇੰਟਰਕਾਮ ਤੋਂ ਯਾਤਰੀਆਂ ਤੇ ਗੁੱਸੇ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ| ਯਾਤਰੀ ਮੁਤਾਬਕ ਪਹਿਲੇ ਮਹਿਲਾ ਪਾਇਲਟ ਨੇ ਆਪਣੇ ਤਲਾਕ ਦਾ ਰੋਣਾ ਰੋਇਆ ਅਤੇ ਉਸ ਤੋਂ ਬਾਅਦ ਉਸ ਨੇ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਬਾਰੇ ਸ਼ਿਕਾਇਤ ਕੀਤੀ| ਜਿਸ ਤੋਂ ਬਾਅਦ ਜਹਾਜ਼ ਨੂੰ ਰੋਕ ਕੇ ਰੱਖਿਆ ਗਿਆ ਅਤੇ ਉਕਤ ਮਹਿਲਾ ਪਾਇਲਟ ਨੂੰ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ| ਜਹਾਜ਼ ਤੈਅ ਸਮੇਂ ਤੋਂ 2 ਘੰਟੇ ਦੇਰੀ ਨਾਲ ਰਵਾਨਾ ਹੋਇਆ|

Leave a Reply

Your email address will not be published. Required fields are marked *