ਟਰੰਪ ਦੇ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ, 7 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਆਰਥਿਕ ਸਲਾਹਕਾਰ ਅਤੇ ਵ੍ਹਾਈਟ ਹਾਊਸ ਵਿਚ ਵਾਲ ਸਟ੍ਰੀਟ ਦੀ ਆਵਾਜ ਮੰਨੇ ਜਾਣ ਵਾਲੇ ਗੈਰੀ ਕੋਹਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਅਮਰੀਕੀ ਮੀਡੀਆ ਮੁਤਾਬਕ ਵ੍ਹਾਈਟ ਹਾਊਸ ਦੇ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਕਿਹਾ ਕਿ ਟਰੰਰ ਦੀਆਂ ਸੁਰੱਖਿਆਵਾਦੀ ਵਪਾਰ ਨੀਤੀਆਂ ਦੇ ਪ੍ਰਤੀ ਅੰਦਰੂਨੀ ਸੰਘਰਸ਼ ਕਾਰਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ| ਕੋਹਨ ਅਮਰੀਕਾ ਦੀ ਰਾਸ਼ਟਰੀ ਆਰਥਿਕ ਪਰੀਸ਼ਦ ਦੇ ਨਿਦੇਸ਼ਕ ਵੀ ਹਨ| ਕੋਹਨ ਦੇ ਅਸਤੀਫੇ ਨੂੰ ਮਨਜ਼ੂਰੀ ਮਿਲਣ ਵਿਚ ਹਾਲੇ ਕੁਝ ਹਫਤੇ ਹੋਰ ਲੱਗ ਸਕਦੇ ਹਨ| ਇਸ ਲਈ ਗੈਰੀ ਕੋਹਨ ਹਾਲੇ ਕੁਝ ਹੋਰ ਹਫਤਿਆਂ ਤੱਕ ਆਪਣਾ ਕੰਮ ਕਰਦੇ ਰਹਿਣਗੇ|
ਇਸ ਤੋਂ ਪਹਿਲਾਂ ਟਰੰਪ ਨੇ ਬੀਤੀਂ ਰਾਤ ਆਪਣੇ ਇਕ ਟਵੀਟ ਵਿਚ ਕਿਹਾ ਕਿ ਉਹ ਕੋਹਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਸੰਬੰਧੀ ਜਲਦੀ ਫੈਸਲਾ ਲੈਣਗੇ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਹਨ ਆਯਾਤ ਡਿਊਟੀ (ਟੈਕਸ) ਲਾਗੂ ਕਰਨ ਦੇ ਖਿਲਾਫ ਹਨ| ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਆਯਾਤ ਤੇ ਡਿਊਟੀ ਲਗਾਉਣਗੇ| ਟਰੰਪ ਮੁਤਾਬਕ ਉਹ ਅਜਿਹਾ ਅਮਰੀਕੀ ਉਦਯੋਗ ਦੀ ਸੁਰੱਖਿਆ ਲਈ ਕਰਨਗੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕੀ ਨਿਰਮਾਤਾਵਾਂ ਨੂੰ ਨੁਕਸਾਨ ਹੋਵੇਗਾ ਅਤੇ ਉਹ ਵਪਾਰਕ ਭਾਈਵਾਲਾਂ ਨਾਲ ਕਾਨੂੰਨੀ ਚੁਣੌਤੀਆਂ ਦਾ ਵੀ ਸਾਹਮਣਾ ਕਰ ਸਕਦੇ ਹਨ|

Leave a Reply

Your email address will not be published. Required fields are marked *