ਟਰੰਪ ਨੂੰ ਝਟਕਾ, ਜਲ ਸੈਨਾ ਸਕੱਤਰ ਦੇ ਰੂਪ ਵਿੱਚ ਨਾਮਜ਼ਦ ਕੀਤੇ ਗਏ ਫਿਲਿਪ ਨੇ ਨਾਂ ਵਾਪਸ ਲਿਆ

ਵਾਸ਼ਿੰਗਟਨ, 27 ਫਰਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜਲ ਸੈਨਾ ਸਕੱਤਰ ਦੇ ਰੂਪ ਵਿੱਚ ਨਾਮਜ਼ਦ ਫਿਲਿਪ ਬਿਦੇਨ ਨੇ ਅੱਜ ਇਸ ਅਹੁਦੇ ਦੀ ਦਾਅਵੇਦਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ| ਟਰੰਪ ਲਈ ਇਸ ਨੂੰ ਇਕ ਝਟਕੇ ਦੇ ਰੂਪ ਵਿੱਚ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਦੀ ਪਸੰਦ ਦੇ ਵਿਅਕਤੀ ਨੇ ਫੌਜ ਦੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ| ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਫੌਜ ਸਕੱਤਰ ਦੇ ਤੌਰ ਤੇ ਨਾਮਜ਼ਦ ਕੀਤੇ ਗਏ ਵਿਸੇਟ ਵਿਯੋਲਾ ਨੇ ਵੀ ਆਪਣਾ ਨਾਂ ਵਾਪਸ ਲਿਆ ਸੀ|
ਇੱਥੇ ਜਿਕਰਯੋਗ ਹੈ ਕਿ ਬਿਦੇਨ ਇਕ ਨਿਜੀ ਕੰਪਨੀ ਵਿੱਚ ਚੰਗੇ ਅਹੁਦੇ ਤੇ ਹਨ ਅਤੇ ਉਹ ਸਾਬਕਾ ਫੌਜੀ ਖੁਫੀਆ ਅਧਿਕਾਰੀ ਵੀ ਰਹਿ ਚੁੱਕੇ ਹਨ| ਉਨ੍ਹਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਮੈਂ ਕਾਫੀ ਸਲਾਹ-ਮਸ਼ਵਰੇ ਤੋਂ ਬਾਅਦ ਇਹ ਤੈਅ ਕੀਤਾ ਹੈ ਕਿ ਇਸ ਅਹੁਦੇ ਲਈ ਮੈਂ ਸਰਕਾਰ ਦੀ ਚੋਣ ਜ਼ਾਬਤਾ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਾਂਗਾ| ਮੇਰੇ ਲਈ ਇਸ ਅਹੁਦੇ ਨੂੰ ਸੰਭਾਲਣਾ ਅਤੇ ਆਪਣੇ ਪਰਿਵਾਰ ਦੇ ਆਰਥਿਕ ਹਿੱਤਾਂ ਨੂੰ ਬਰਾਬਰ ਰੂਪ ਨਾਲ ਲੈ ਕੇ ਚਲਣਾ ਸੰਭਵ ਨਹੀਂ ਹੋ ਸਕੇਗਾ| ਉਨ੍ਹਾਂ ਦੇ ਨਾਂ ਵਾਪਸ ਲੈਣ ਤੋਂ ਬਾਅਦ ਹੁਣ ਫੌਜ ਅਤੇ ਜਲ ਸੈਨਾ ਦੇ ਮੁਖੀ ਅਹੁਦੇ ਖਾਲੀ ਹਨ| ਇਸ ਮਾਮਲੇ ਵਿੱਚ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਿਹਾ ਕਿ ਉਹ ਬਿਦੇਨ ਦੇ ਫੈਸਲੇ ਤੋਂ ਕਾਫੀ ਨਾਰਾਜ਼ ਹਨ ਪਰ ਉਹ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ| ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਟਰੰਪ ਨੂੰ ਇਕ ਅਜਿਹੇ ਵਿਅਕਤੀ ਦੇ ਨਾਂ ਦਾ ਸੁਝਾਅ ਦੇਣਗੇ, ਜੋ ਕਿ ਜਲ ਸੈਨਾ ਨੂੰ ਬਿਹਤਰ ਲੀਡਰਸ਼ਿਪ ਦੇ ਸਕੇ ਅਤੇ ਫੌਜ ਨੂੰ ਮਜ਼ਬੂਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਅਮਲ ਵਿੱਚ ਲਿਆ ਸਕੇ|

Leave a Reply

Your email address will not be published. Required fields are marked *