ਟਰੰਪ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਮੁਕਰਨ ਤੇ ਹੈ ‘ਮਾਣ’

ਵਾਸ਼ਿੰਗਟਨ, 30 ਜੂਨ (ਸ.ਬ.)  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦਾ ਨਾਂ ਵਾਪਸ ਲੈਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਕਦਮ ਤੇ ‘ਮਾਣ’ ਹੈ|
ਅਮਰੀਕੀ ਊਰਜਾ ਖੇਤਰ ਦੇ ਭਵਿੱਖ ਤੇ ਭਾਸ਼ਣ ਦਿੰਦੇ ਹੋਏ ਟਰੰਪ ਨੇ ਕਿਹਾ ਅਮਰੀਕੀ ਨੌਕਰੀਆਂ, ਕੰਪਨੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਅਸੀਂ ਇਕ ਪੱਖੀ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦਾ ਨਾਂ ਵਾਪਸ ਲਿਆ ਹੈ| ਟਰੰਪ ਦੀ ਇਸ ਗੱਲ ਤੇ ਉਥੇ ਬੈਠੇ ਦਰਸ਼ਕ ਤਾੜੀਆਂ ਵਜਾਉਣ ਲੱਗੇ|
ਟਰੰਪ ਨੇ ਕਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਸ ਗੱਲ ਤੇ ਮਾਣ ਹੈ| ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਬਹੁਤ ਸਾਰੇ ਲੋਕ ਮੈਨੂੰ ਧੰਨਵਾਦ ਦਿੰਦੇ ਹਨ| ਉਹ ਕਹਿੰਦੇ ਹਨ ਤੁਸੀਂ ਸਾਡੇ ਦੇਸ਼ ਦੀ ਪ੍ਰਭੂਸੱਤਾ ਬਚਾ ਲਈ| ਉਨ੍ਹਾਂ ਨੇ ਸੰਕਲਪ ਲੈਂਦੇ ਹੋਏ ਕਿਹਾ ਹੋ ਸਕਦਾ ਹੈ ਇਕ ਦਿਨ ਅਸੀਂ ਵਾਪਸ ਇਸ ਨਾਲ ਜੁੜੀਏ ਪਰ ਉਹ ਬਿਹਤਰ ਅਤੇ ਨਿਰਪੱਖ ਸ਼ਰਤਾਂ ਤੇ ਹੋਵੇਗਾ|
ਜਲਵਾਯੂ ਪਰਿਵਰਤਨ ਅਮਰੀਕਾ ਅਤੇ ਪੱਛਮੀ ਦੇਸ਼ਾਂ ਵਿੱਚ ਵਿਵਾਦ ਦਾ ਇਕ ਵੱਡਾ ਮੁੱਦਾ ਰਿਹਾ ਹੈ| ਇਹ ਮਾਮਲਾ ਅਗਲੇ ਹਫਤੇ ਜਰਮਨੀ ਵਿੱਚ ਹੋਣ ਵਾਲੀ ਜੀ-20 ਦੀ ਬੈਠਕ ਵਿੱਚ ਪ੍ਰਮੁੱਖਤਾ ਨਾਲ ਛਾਇਆ ਰਹਿ ਸਕਦਾ ਹੈ| ਟਰੰਪ ਵੀ ਇਸ ਬੈਠਕ ਵਿੱਚ ਹਿੱਸਾ ਲੈਣ ਵਾਲੇ ਹਨ|

Leave a Reply

Your email address will not be published. Required fields are marked *