ਟਰੰਪ ਨੇ ਈਰਾਨ ਉਤੇ ਲਗਾਏ ਨਵੇਂ ਬੈਨ, ਭਾਰਤ ਉਤੇ ਵੀ ਪਵੇਗਾ ਅਸਰ

ਵਾਸ਼ਿੰਗਟਨ, 7 ਅਗਸਤ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਮਾਣੂ ਕਰਾਰ ਨੂੰ ਲੈ ਕੇ ਈਰਾਨ ਉਤੇ ਨਵੇਂ ਸਿਰੇ ਤੋਂ ਬੈਨ ਲਗਾਏ ਹਨ| ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ 2015 ਵਿੱਚ ਹੋਏ ਪਰਮਾਣੂ ਸਮਝੌਤੇ ਤੋਂ ਹਟਣ ਤੋਂ ਬਾਅਦ ਫਿਰ ਤੋਂ ਬੈਨ ਲਗਾਏ ਜਾ ਰਹੇ ਹਨ| ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਹੋਏ ਇਸ ਸਮਝੌਤੇ ਨੂੰ ਫਿਜੂਲ ਕਰਾਰ ਦਿੰਦੇ ਹੋਏ ਉਸ ਨੂੰ ਤੋੜ ਦਿੱਤਾ ਸੀ| ਟਰੰਪ ਵਲੋਂ ਲਗਾਏ ਗਏ ਬੈਨ ਕਾਰਨ ਈਰਾਨ ਦੇ ਆਟੋਮੋਬਾਈਲ ਸੈਕਟਰ ਦੇ ਨਾਲ-ਨਾਲ ਉਸ ਦੇ ਸੋਨੇ ਅਤੇ ਕੀਮਤੀ ਧਾਤੂਆਂ ਵਿੱਚ ਵਪਾਰ ਤੇ ਵੀ ਬੈਨ ਲੱਗ ਜਾਵੇਗਾ| ਈਰਾਨ ਉਤੇ ਲਗਾਏ ਗਏ ਬੈਨ ਤਹਿਤ ਉਥੋਂ ਦੀ ਸਰਕਾਰ ਅੱਜ ਤੋਂ ਅਮਰੀਕੀ ਕਰੰਸੀ ਨਹੀਂ ਖਰੀਦ ਸਕੇਗੀ| ਜਦਕਿ ਪਰਮਾਣੂ ਬੈਨ 5 ਨਵੰਬਰ, 2018 ਤੋਂ ਲਾਗੂ ਹੋਵੇਗਾ| ਇਸ ਨਾਲ ਪੈਟਰੋਲੀਅਮ ਸਬੰਧਤ ਲੈਣ-ਦੇਣ ਰੁੱਕੇਗਾ|
ਜ਼ਿਕਰਯੋਗ ਹੈ ਕਿ ਇਸ ਸਾਲ ਮਈ ਮਹੀਨੇ ਵਿਚ ਟਰੰਪ ਨੇ ਈਰਾਨ ਦੇ ਪਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ| ਈਰਾਨ ਉਤੇ ਨਵੇਂ ਸਿਰੇ ਤੋਂ ਬੈਨ ਲਾਗੂ ਹੋਣ ਤੋਂ ਬਾਅਦ ਭਾਰਤ ਵਰਗੇ ਦੇਸ਼ਾਂ ਤੇ ਅਸਰ ਪਵੇਗਾ| ਈਰਾਨ ਨਾਲ ਭਾਰਤ ਦੇ ਇਤਿਹਾਸਕ ਵਪਾਰਕ ਰਿਸ਼ਤੇ ਹਨ| ਓਧਰ ਟਰੰਪ ਦਾ ਮੰਨਣਾ ਹੈ ਕਿ ਆਰਥਿਕ ਦਬਾਅ ਕਾਰਨ ਈਰਾਨ ਨਵੇਂ ਸਮਝੌਤੇ ਲਈ ਰਾਜ਼ੀ ਹੋ ਜਾਵੇਗਾ ਅਤੇ ਆਂਪਣੀ ਨੁਕਸਾਨਦੇਹ ਗਤੀਵਿਧੀਆਂ ਰੋਕ ਦੇਵੇਗਾ| ਟਰੰਪ ਨੇ ਇਨ੍ਹਾਂ ਪਾਬੰਦੀਆਂ ਨੂੰ ਤੋੜਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ| ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਈਰਾਨ ਦੀ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਨੂੰ ਰੋਕਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ| ਪਾਬੰਦੀਆਂ ਨੂੰ ਲਾਗੂ ਕਰਦੇ ਹੋਏ ਟਰੰਪ ਨੇ ਇਹ ਵੀ ਕਿਹਾ ਕਿ ਉਹ ਈਰਾਨ ਨਾਲ ਨਵਾਂ ਪਰਮਾਣੂ ਸਮਝੌਤਾ ਕਰਨ ਲਈ ਤਿਆਰ ਹਨ| ਇਸ ਲਈ ਦੋਵੇਂ ਦੇਸ਼ ਗੱਲਬਾਤ ਸ਼ੁਰੂ ਕਰ ਸਕਦੇ ਹਨ|
ਓਧਰ ਈਰਾਨ ਵਿਰੁੱਧ ਨਵੇਂ ਸਿਰੇ ਤੋਂ ਬੈਨ ਲਗਾਏ ਜਾਣ ਦੇ ਮੱਦੇਨਜ਼ਰ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਨੂੰ ‘ਮਨੋਵਿਗਿਆਨਕ ਯੁੱਧ’ ਕਰਾਰ ਦਿੱਤਾ ਹੈ| ਈਰਾਨ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਰੂਹਾਨੀ ਨੇ ਕਿਹਾ ਕਿ ਅਸੀਂ ਕੂਟਨੀਤਿਕ ਅਤੇ ਗੱਲਬਾਤ ਦੇ ਹਮੇਸ਼ਾ ਤੋਂ ਪੱਖ ਵਿਚ ਰਹੇ ਹਾਂ ਪਰ ਗੱਲਬਾਤ ਲਈ ਈਮਾਨਦਾਰੀ ਦੀ ਲੋੜ ਹੁੰਦੀ ਹੈ, ਜੋ ਅਮਰੀਕਾ ਨੇ ਨਹੀਂ ਦਿਖਾਈ| ਰੂਹਾਨੀ ਨੇ ਮਾਮਲੇ ਨੂੰ ਸੁਲਝਾਉਣ ਲਈ ਅਮਰੀਕਾ ਨਾਲ ਤੁਰੰਤ ਗੱਲਬਾਤ ਕਰਨ ਦੇ ਵਿਚਾਰ ਨੂੰ ਵੀ ਖਾਰਜ ਕਰ ਦਿੱਤਾ|

Leave a Reply

Your email address will not be published. Required fields are marked *