ਟਰੰਪ ਨੇ 7 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਐਂਟਰੀ ਤੇ ਲਗਾਇਆ ਬੈਨ

ਵਾਸ਼ਿੰਗਟਨ, 28 ਜਨਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਮੁਸਲਮਾਨ ਦੇਸ਼ਾਂ ਤੋਂ ਇੱਥੇ ਆ ਕੇ ਰਹਿਣ ਵਾਲੇ ਸ਼ਰਣਾਰਥੀਆਂ ਅਤੇ ਅਪ੍ਰਵਾਸੀਆਂ ਦੀ ਗਿਣਤੀ ਸੀਮਤ ਕਰਨ ਲਈ ਹੁਕਮ ਜਾਰੀ ਕਰਦਿਆਂ ਦਸਤਖਤ ਕਰ ਦਿੱਤੇ| ਇਸ ਮੁਤਾਬਕ ਗੈਰ-ਕਾਨੂੰਨੀ ਤੌਰ ਤੇ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ|
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਵਿੱਚ ਜਨਰਲ ਜੇਮਸ ਮੈਟਿਸ ਨੂੰ ਰੱਖਿਆ ਮੰਤਰੀ ਬਣਾਉਣ ਮਗਰੋਂ ਟਰੰਪ ਨੇ ਇਸਦੀ ਘੋਸ਼ਣਾ ਕੀਤੀ| ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਰੀਆਈ ਈਸਾਈਆਂ ਨੂੰ ਪਹਿਲ ਦਿੱਤੀ ਜਾਵੇ| ਇਸੇ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਹੁਕਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਘਾਤਕ ਅਤੇ ਭੇਦ-ਭਾਵ ਵਾਲਾ ਦੱਸਿਆ ਹੈ| ਹਾਲਾਂਕਿ ਇਸ ਹੁਕਮ ਬਾਰੇ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਮਿਲ ਸਕੀ|
ਟਰੰਪ ਨੇ ਇਸਲਾਮਕ ਅੱਤਵਾਦ ਤੇ ਕਾਰਵਾਈ ਸਖਤ ਕਰ ਦਿੱਤੀ ਹੈ| ਟਰੰਪ ਨੇ ਹੁਕਮ ਜਾਰੀ ਕੀਤਾ ਹੈ ਕਿ ਇਸਲਾਮਕ ਕੱਟੜਪੰਥੀਆਂ ਨੂੰ ਅਮਰੀਕਾ ਵਿੱਚੋਂ ਕੱਢ ਦਿੱਤਾ ਜਾਵੇਗਾ| ਇਹ ਵੀ ਕਿਹਾ ਗਿਆ ਕਿ ਇਰਾਕ, ਈਰਾਨ, ਸੀਰੀਆ, ਸੁਡਾਨ, ਲੀਬੀਆ, ਸੋਮਾਲੀਆ ਅਤੇ ਯਮਨ ਵਰਗੇ 7 ਮੁਸਲਮਾਨ ਦੇਸ਼ਾਂ ਦੇ ਯਾਤਰੀਆਂ ਨੂੰ ਫਿਲਹਾਲ ਵੀਜ਼ਾ ਨਹੀਂ ਮਿਲੇਗਾ| ਫਿਲਹਾਲ 90 ਦਿਨਾਂ ਤਕ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ| ਟਰੰਪ ਨੇ ਦੇਸ਼ ਵਾਸੀਆਂ ਨੂੰ ਦੱਸਿਆ ਕਿ ਉਹ ਸੁਰੱਖਿਅਤ ਹਨ ਕਿਉਂਕਿ ਅਮਰੀਕੀ ਫੌਜ ਹਰ ਪਾਸੇ ਨਜ਼ਰ ਰੱਖ ਰਹੀ ਹੈ|

Leave a Reply

Your email address will not be published. Required fields are marked *