ਟਰੰਪ ਪ੍ਰਸ਼ਾਸਨ ਨੇ ਕੈਦੀ ਨੂੰ ਜ਼ਹਿਰੀਲਾ ਟੀਕਾ ਦੇ ਕੇ ਉਤਾਰਿਆ ਮੌਤ ਦੇ ਘਾਟ
ਫਰਿਜ਼ਨੋ, 16 ਜਨਵਰੀ (ਸ.ਬ.) ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਲਗਾਤਾਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇ ਰਿਹਾ ਹੈ। ਪਿਛਲੇ ਦਿਨੀਂ ਕਤਲ ਦੇ ਦੋਸ਼ ਵਿਚ ਇਕ ਮਹਿਲਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਇਕ ਹੋਰ ਅਪਰਾਧੀ 52 ਸਾਲਾ ਕੋਰੇ ਜੋਹਨਸਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਲ 1992 ਵਿਚ ਵਰਜੀਨੀਆ ਵਿੱਚ ਹੋਈਆਂ ਕਈ ਹੱਤਿਆਵਾਂ ਵਿਚ ਸ਼ਮੂਲੀਅਤ ਲਈ ਨਸ਼ਾ ਤਸਕਰੀ ਕਰਨ ਵਾਲੇ ਅਪਰਾਧੀ ਜੋਹਨਸਨ ਨੂੰ ਜ਼ਹਿਰੀਲਾ ਟੀਕਾ ਲਗਾ ਮੌਤ ਦੇ ਘਾਟ ਉਤਾਰਿਆ ਗਿਆ। ਸਰਕਾਰ ਵਲੋਂ ਇਹ ਕਾਰਵਾਈ ਦੋਸ਼ੀ ਦੇ ਵਕੀਲਾਂ ਵਲੋਂ ਉਸ ਦੇ ਹਾਲ ਹੀ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਹੋਣ ਨਾਲ ਫੇਫੜਿਆਂ ਦੇ ਨੁਕਸਾਨ ਦੇ ਦਾਅਵਿਆਂ ਤੋਂ ਬਾਅਦ ਕੀਤੀ ਗਈ ਹੈ।
ਟਰੰਪ ਪ੍ਰਸ਼ਾਸਨ ਵਲੋਂ 17 ਸਾਲਾਂ ਬਾਅਦ ਸੰਘੀ ਫਾਂਸੀ ਮੁੜ ਸ਼ੁਰੂ ਕਰਨ ਦੇ ਬਾਅਦ ਇੰਡੀਆਨਾ ਦੇ ਸੰਘੀ ਜੇਲ੍ਹ ਕੰਪਲੈਕਸ ਟੈਰੇ ਹੌਤੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ 52 ਸਾਲਾ ਕੋਰੇ ਜੋਹਨਸਨ 12ਵਾਂ ਕੈਦੀ ਹੈ। ਜੋਹਨਸਨ ਨੂੰ ਅਧਿਕਾਰੀਆਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
ਉਸ ਤੋਂ ਬਾਅਦ ਇਕ ਹੋਰ ਅਪਰਾਧੀ ਡਸਟਿਨ ਹਿਗਜ਼ ਦੀ ਮੌਤ ਦੀ ਸਜ਼ਾ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਦੀਆਂ ਸਜ਼ਾਵਾਂ ਰਾਸ਼ਟਰਪਤੀ ਚੁਣੇ ਹੋਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਖਰੀ ਸਜ਼ਾਵਾਂ ਹਨ। ਬਾਈਡੇਨ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਸਜ਼ਾ ਨੂੰ ਬੰਦ ਕਰਨ ਦਾ ਵੀ ਸੰਕੇਤ ਦਿੱਤਾ ਹੈ। ਜੋਹਨਸਨ ਨੇ ਜ਼ਹਿਰੀਲਾ ਟੀਕਾ ਲੱਗਣ ਤੋਂ ਪਹਿਲਾਂ ਆਖਰੀ ਬਿਆਨਾਂ ਵਿੱਚ ਆਪਣੇ ਕੀਤੇ ਅਪਰਾਧਾਂ ਲਈ ਅਫ਼ਸੋਸ ਪ੍ਰਗਟ ਕੀਤਾ ਸੀ।