‘ਟਰੰਪ ਵਰਗਾ ਦੋਸਤ ਹੋਵੇ ਤਾਂ ਦੁਸ਼ਮਣ ਦੀ ਕੀ ਲੋੜ’: ਯੂਰਪੀ ਯੂਨੀਅਨ

ਬੁਲਗਾਰੀਆ, 17 ਮਈ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਪਰਮਾਣੂ ਕਰਾਰ ਤੋਂ ਹਟਣ ਤੋਂ ਬਾਅਦ ਹੁਣ ਅਮਰੀਕਾ ਦੇ ਦੋਸਤ ਹੀ ਉਨ੍ਹਾਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ| ਯੂਰਪੀ ਯੂਨੀਅਨ ਦੇ ਚੇਅਰਮੈਨ ਨੇ ਇੱਕ ਬੈਠਕ ਦੌਰਾਨ ਕਿਹਾ ਕਿ ਜਿਨ੍ਹਾਂ ਕੋਲ ਟਰੰਪ ਵਰਗੇ ਦੋਸਤ ਹੋਣ, ਉਨ੍ਹਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ? ਜਿਕਰਯੋਗ ਹੈ ਕਿ 28 ਦੇਸ਼ਾਂ ਦੇ ਨੇਤਾ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਚ ਰਾਤ ਦੇ ਭੋਜਨ ਦੌਰਾਨ ਮਿਲੇ, ਤਾਂ ਕਿ ਇਸ ਤੇ ਚਰਚਾ ਕੀਤੀ ਜਾ ਸਕੇ ਕਿ ਬਚੇ-ਖੁਚੇ ਈਰਾਨ ਕਰਾਰ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ|
ਯੂਰਪੀ ਦੇਸ਼ਾਂ ਦੇ ਈਰਾਨ ਨਾਲ ਵਪਾਰ ਨੂੰ ਟਰੰਪ ਦੀਆਂ ਪਾਬੰਦੀਆਂ ਤੋਂ ਬਾਅਦ ਕਿਵੇਂ ਅੱਗੇ ਵਧਾਇਆ ਜਾਵੇ ਇਸ ਮੁੱਦੇ ਤੇ ਵੀ ਚਰਚਾ ਕੀਤੀ, ਤਾਂ ਕਿ ‘ਵਪਾਰ ਯੁੱਧ’ ਤੋਂ ਬਚਿਆ ਜਾ ਸਕੇ| ਯੂਰਪੀ ਯੂਨੀਅਨ ਦੇ ਚੇਅਰਮੈਨ ਡਾਨਲਡ ਟਸਕ ਨੇ ਕਿਹਾ ਕਿ ਟਰੰਪ ਦੇ ਫੈਸਲਿਆਂ ਨਾਲ ਨਜਿੱਠਣ ਲਈ ਯੂਰਪੀ ਯੂਨੀਅਨ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਏਕਤਾ ਦਿਖਾਉਣੀ ਹੋਵੇਗੀ| ਟਸਕ ਨੇ ਇਸ ਦੇ ਨਾਲ ਹੀ ਕਿਹਾ ਕਿ ਯੂਰਪ ਨੂੰ ਆਪਣੀ ਸੁਰੱਖਿਆ ਲਈ ਸ਼ਕਤੀ ਅਨੁਸਾਰ ਸਭ ਕੁਝ ਕਰਨਾ ਚਾਹੀਦਾ ਹੈ| ਸਾਨੂੰ ਉਸ ਸਥਿਤੀ ਲਈ ਵੀ ਤਿਆਰ ਰਹਿਣਾ ਹੋਵੇਗਾ, ਜਦੋਂ ਆਪਣੇ ਦਮ ਤੇ ਸਭ ਕੁਝ ਕਰਨ ਦੀ ਨੌਬਤ ਆ ਜਾਵੇਗੀ|
ਦੱਸਣਯੋਗ ਹੈ ਕਿ ਟਰੰਪ ਦੀ ‘ਅਮਰੀਕਾ ਫਰਸਟ’ ਨੀਤੀ ਤੋਂ ਯੂਰਪੀ ਨੇਤਾਵਾਂ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਹਨ| ਗੱਲ ਫਿਰ ਚਾਹੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦਾ ਬਾਹਰ ਨਿਕਲਣਾ ਹੋਵੇ ਜਾਂ 2015 ਵਿਚ ਹੋਏ ਈਰਾਨ ਪਰਮਾਣੂ ਕਰਾਰ ਤੋਂ ਅਮਰੀਕਾ ਦਾ ਵੱਖ ਹੋਣਾ| ਟਰੰਪ ਦੇ ਫੈਸਲਿਆਂ ਨੇ ਯੂਰਪ ਦੀ ਆਪਣੀ ਵਿਦੇਸ਼ ਨੀਤੀ ਲਈ ਖਤਰਾ ਪੈਦਾ ਕਰ ਦਿੱਤਾ ਹੈ|

Leave a Reply

Your email address will not be published. Required fields are marked *