ਟਰੱਕ ਦੀ ਲਪੇਟ ਵਿੱਚ ਆਉਣ ਨਾਲ 8 ਵਿਅਕਤੀਆਂ ਦੀ ਮੌਤ ਅਤੇ 4 ਜ਼ਖਮੀ

ਲਖੀਸਰਾਏ, 11 ਜੁਲਾਈ (ਸ.ਬ.) ਬਿਹਾਰ ਵਿੱਚ ਲਖੀਸਰਾਏ ਜ਼ਿਲੇ ਦੇ ਹਲਸੀ ਥਾਣਾ ਖੇਤਰ ਦੇ ਹਲਸੀ ਬਲਾਕ ਨੇੜੇ ਟਰੱਕ ਦੀ ਲਪੇਟ ਵਿੱਚ ਆਉਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਹਲਸੀ ਪ੍ਰਖੰਡ ਵਾਸੀ ਦੁਖੀ ਮਾਂਝੀ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਾਰਾਤ ਜ਼ਿਲੇ ਦੇ ਨਗਰ ਥਾਣਾ ਖੇਤਰ ਦੇ ਗੜ੍ਹੀ ਵਿਸ਼ਨਪੁਰ ਤੋਂ ਆਈ ਹੋਈ ਸੀ| ਦੇਰ ਰਾਤ ਬਾਰਾਤੀ ਅਤੇ ਲੜਕੀ ਪੱਖ ਦੇ ਕੁਝ ਲੋਕ ਖਾਣਾ ਖਾਣ ਜਾ ਰਹੇ ਸਨ, ਜਦੋਂ ਕਿ ਬਾਰਾਤ ਵਿੱਚ ਸ਼ਾਮਿਲ ਹੋਰ ਲੋਕ ਸੜਕ ਕਿਨਾਰੇ ਬਣੀ ਝੌਂਪੜੀ ਵਿੱਚ ਬੈਠੇ ਸਨ|
ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ 12 ਵਿਅਕਤੀਆਂ ਨੂੰ ਕੁਚਲ ਦਿੱਤਾ, ਜਿਸ ਵਿੱਚ 8 ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ| ਸੂਤਰਾਂ ਨੇ ਦੱਸਿਆ ਕਿ ਲੋਕਾਂ ਨੂੰ ਕੁਚਲਣ ਤੋਂ ਬਾਅਦ ਟਰੱਕ 11 ਹਜ਼ਾਰ ਵੋਲਟ ਦੇ ਬਿਜਲੀ ਦੇ ਤਿੰਨ ਖੰਭਿਆਂ ਵਿੱਚ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ| ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਹਲਸੀ ਬਾਜ਼ਾਰ ਰੰਜੀਤ ਮਾਂਝੀ ਦਾ ਬੇਟਾ ਮੰਜੀਤ ਕੁਮਾਰ (5), ਨਕਟ ਮਾਂਝੀ (65), ਮਹੇਂਦਰ ਮਾਂਝੀ ਦੀ ਬੇਟੀ ਮੁਸਕਾਨ ਕੁਮਾਰੀ (10), ਉਮੇਸ਼ ਮਾਂਝੀ (40), ਰਾਮਦੇਵ ਮਾਂਝੀ ਦਾ ਬੇਟਾ ਰੀਜਵ ਕੁਮਾਰ (18) ਤੋਂ ਇਲਾਵਾ ਗੜ੍ਹੀ ਵਿਸ਼ਨਪੁਰ ਪਿੰਡ ਵਾਸੀ ਮਥੁਰੀ ਮਾਂਝੀ ਦਾ ਬੇਟਾ ਧਨਰਾਜ ਕੁਮਾਰ (18), ਚਮਰੂ ਮਾਂਝੀ ਦਾ ਬੇਟਾ ਸ਼ੰਭੂ ਮਾਂਝੀ (35) ਅਤੇ ਬੁਢੋ ਮਾਂਝੀ ਦਾ ਬੇਟਾ ਗੋਰੇ ਮਾਂਝੀ (30) ਸ਼ਾਮਲ ਹਨ|
ਜ਼ਖਮੀਆਂ ਵਿੱਚ ਕਪੂਰੀ ਮਾਂਝੀ, ਭਤਰੂ ਮਾਂਝੀ, ਸਨੂੰ ਮਾਂਝੀ ਅਤੇ ਕਰਫੂ ਮਾਂਝੀ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਹਾਦਸੇ ਤੋਂ ਬਾਅਦ ਟਰੱਕ ਨੇ ਸੜਕ ਕਿਨਾਰੇ 11 ਹਜ਼ਾਰ ਵੋਲਟ ਦੇ ਬਿਜਲੀ ਦੇ ਤਿੰਨ ਖੰਭਿਆਂ ਨੂੰ ਟੱਕਰ ਮਾਰ ਸੁੱਟ ਦਿੱਤਾ| ਇਸ ਤੋਂ ਬਾਅਦ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ| ਉੱਥੇ ਹੀ ਘਟਨਾ ਦੇ ਵਿਰੋਧ ਵਿੱਚ ਗੁੱਸਾਏ ਲੋਕਾਂ ਨੇ ਲਾਸ਼ਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਲਖੀਸਰਾਏ-ਸਿਕੰਦਰਾ ਮਾਰਗ ਨੂੰ ਜਾਮ ਕਰ ਦਿੱਤਾ ਸੀ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖਤਮ ਕਰਵਾ ਦਿੱਤਾ| ਹਾਦਸੇ ਵਾਲੀ ਜਗ੍ਹਾ ਤੋਂ ਟਰੱਕ ਵਿੱਚੋਂ ਮਿਲੇ ਕਾਗਜ਼ਾਤਾਂ ਦੇ ਆਧਾਰ ਤੇ ਪੁਲੀਸ ਉਸ ਦੇ ਮਾਲਕ ਅਤੇ ਚਾਲਕ ਦੀ ਪਛਾਣ ਕਰਨ ਵਿੱਚ ਲੱਗੀ|

Leave a Reply

Your email address will not be published. Required fields are marked *