ਟਰੱਕ ਯੂਨੀਅਨ ਵਿੱਚ ਬੱਚੇ ਦੀ ਮੌਤ ਦਾ ਮਾਮਲਾ : ਝੁੱਗੀਆਂ ਵਾਲਿਆਂ ਨੇ ਟ੍ਰੱਕ ਮਾਲਿਕ ਅਤੇ ਡ੍ਰਾਈਵਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਸੜਕ ਜਾਮ

ਟਰੱਕ ਯੂਨੀਅਨ ਵਿੱਚ ਬੱਚੇ ਦੀ ਮੌਤ ਦਾ ਮਾਮਲਾ : ਝੁੱਗੀਆਂ ਵਾਲਿਆਂ ਨੇ ਟ੍ਰੱਕ ਮਾਲਿਕ ਅਤੇ ਡ੍ਰਾਈਵਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਸੜਕ ਜਾਮ

ਪੁਲੀਸ ਦੇ ਸਮਝਾਉਣ ਤੇ ਮਾਮਲਾ ਸ਼ਾਂਤ ਹੋਇਆ, ਬੱਚੇ ਦੀ ਲਾਸ਼ ਸ਼ਮਸ਼ਾਨ ਘਾਟ ਵਿੱਚ ਦਫਨ
ਐਸ. ਏ. ਐਸ ਨਗਰ, 9 ਜੂਨ (ਸ.ਬ.) ਬੀਤੇ ਕੱਲ ਦਾਰਾ ਸਟੂਡੀਊ ਨੇੜੇ ਬਣੀ ਟ੍ਰੱਕ ਯੂਨੀਅਨ ਵਿੱਚ ਸਾਈਕਲ ਚਲਾ ਰਹੇ ਇੱਕ ਬੱਚੇ ਸ਼ਿਵਮ ਦੀ ਯੂਨੀਅਨ ਤੋਂ ਬਾਹਰ ਨਿਕਲ ਰਹੇ ਇੱਕ ਟ੍ਰੱਕ ਹੇਠਾਂ ਆਉਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਅੱਜ ਬੱਚੇ ਦੇ ਪਰਿਵਾਰ ਅਤੇ ਹੋਰਨਾਂ ਝੁੱਗੀ ਵਾਲਿਆਂ ਵਲੋਂ ਟ੍ਰੱਕ ਦੇ ਮਾਲਕ ਅਤੇ ਡ੍ਰਾਈਵਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਗਈ| ਉਹਨਾਂ ਵਲੋਂ ਟਰੱਕ ਦੇ ਮਾਲਕ ਅਤੇ ਡ੍ਰਾਈਵਰ ਗ੍ਰਿਫਤਾਰੀ ਨਾ ਹੋਣ ਤਕ ਬੱਚੇ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਅਤੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਗਈ|
ਮੌਕੇ ਤੇ ਪਹੁੰਚੇ ਫੇਜ਼ 1 ਦੇ ਐਸ ਐਚ ਉ ਸ੍ਰ. ਰਾਜਨ ਪਰਮਿੰਦਰ ਸਿੰਘ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਲਈ ਜਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ| ਉਹਨਾਂ ਧਰਨਾਕਾਰੀਆਂ ਨੂੰ ਦੱਸਿਆ ਕਿ ਪੁਲੀਸ ਵਲੋਂ ਪਹਿਲਾਂ ਹੀ ਇਸ ਸੰਬੰਧੀ ਮਾਮਲਾ ਦਰਜ ਕਰਕੇ ਟ੍ਰੱਕ ਨੂੰ ਕਬਜੇ ਵਿੱਚ ਲਿਆ ਜਾ ਚੁੱਕਿਆ ਹੈ ਅਤੇ ਪੁਲੀਸ ਵਲੋਂ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਲਈ ਉਹ ਆਪਣਾ ਧਰਨਾ ਸਮਾਪਤ ਕਰਕੇ ਬੱਚੇ ਦੀ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਲਈ ਲੈ ਜਾਣ|
ਐਸ ਐਚ ਓ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੋਲ੍ਹ ਦਿੱਤਾ ਅਤੇ ਬੱਚੇ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲਿਜਾ ਕੇ ਦਫਨਾ ਦਿੱਤਾ ਗਿਆ| ਬੱਚੇ ਦੀ ਉਮਰ ਘੱਟ ਹੋਣ ਕਾਰਨ ਉਸਦਾ ਦਾਹ ਸੰਸਕਾਰ ਨਹੀਂ ਕੀਤਾ ਗਿਆ|
ਇਸ ਦੌਰਾਨ ਟ੍ਰੱਕ ਯੂਨੀਅਨ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉੱਥੇ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ ਕੀਤੀ ਗਈ ਸੀ ਅਤੇ ਹਸਪਤਾਲ ਵਿੱਚ ਵੀ ਕਾਫੀ ਫੋਰਸ ਤੈਨਾਤ ਸੀ| ਸੰਪਰਕ ਕਰਨ ਤੇ ਐਸ ਐਚ ਓ. ਸ੍ਰ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਾਲਿਆਂ ਵਲੋਂ ਉਸਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ| Converted from Joy to Unicode

Leave a Reply

Your email address will not be published. Required fields are marked *