ਟਿਊਨੀਸ਼ੀਆ ਵਿੱਚ ਹਥਿਆਰਬੰਦ ਲੁਟੇਰਿਆਂ ਵਲੋਂ ਬੈਂਕ ਤੇ ਧਾਵਾ

ਟਿਊਨੀਸ਼ੀਆ, 2 ਅਗਸਤ (ਸ.ਬ.) ਟਿਊਨੀਸ਼ੀਆ ਵਿੱਚ ਅਲਜੀਰੀਅਨ ਸਰਹੱਦ ਕੋਲ ਬੀਤੇ ਦਿਨੀਂ ਹਥਿਆਰਬੰਦ ਲੁਟੇਰਿਆਂ ਨੇ ਟਿਊਨੀਸ਼ੀਆ ਦੀ ਬੈਂਕ ਤੇ ਹਮਲਾ ਕਰ ਕੇ ਕਾਫੀ ਨਕਦੀ ਲੁੱਟ ਲਈ| ਟਿਊਨੀਸ਼ੀਆ ਰੱਖਿਆ ਸੂਤਰਾਂ ਨੇ ਇਸ ਵਿੱਚ ਅੱਤਵਾਦੀ ਭੂਮਿਕਾ ਦਾ ਸ਼ੱਕ ਪ੍ਰਗਟਾਇਆ ਹੈ| ਅਧਿਕਾਰੀਆਂ ਮੁਤਾਬਕ ਕੈਸਰੀਨ ਸ਼ਹਿਰ ਵਿੱਚ ਗਿਆਰਾਂ ਹਥਿਆਰਬੰਦ ਲੁਟੇਰਿਆਂ ਨੇ ਇਕ ਚੋਰੀ ਦੀ ਕਾਰ ਨਾਲ ਟਿਊਨੀਸ਼ੀਆ ਦੀ ਬੈਂਕ ਉਤੇ ਧਾਵਾ ਬੋਲਿਆ ਅਤੇ ਉਹ ਨਕਦੀ ਲੁੱਟ ਕੇ ਫਰਾਰ ਹੋ ਗਏ| ਲੁਟੇਰਿਆਂ ਨੇ ਕਿੰਨੀ ਰਾਸ਼ੀ ਲੁੱਟੀ, ਇਸ ਦੀ ਅਜੇ ਤਕ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ|
ਜ਼ਿਕਰਯੋਗ ਹੈ ਕਿ 2015 ਵਿੱਚ ਇਸਲਾਮਕ ਸਟੇਟ ਦੇ ਬੰਦੂਕਧਾਰੀਆਂ ਵਲੋਂ ਰਾਜਧਾਨੀ ਦੇ ਇਕ ਮਿਊਜ਼ਿਅਮ ਵਿੱਚ ਅਤੇ ਸਮੁੰਦਰੀ ਤਟ ਤੇ ਦਰਜਨਾਂ ਦੀ ਗਿਣਤੀ ਵਿੱਚ ਸੈਲਾਨੀਆਂ ਦੇ ਕਤਲ ਕੀਤੇ ਗਏ ਸਨ| ਇਸ ਦੇ ਬਾਅਦ ਤੋਂ ਇੱਥੇ ਹਾਈ ਅਲਰਟ ਐਲਾਨਿਆ ਗਿਆ ਹੈ| ਸੂਤਰਾਂ ਮੁਤਾਬਕ 3000 ਤੋਂ ਵਧੇਰੇ ਟਿਊਨੀਸ਼ੀਆ ਦੇ ਨਾਗਰਿਕ ਸੀਰੀਆ, ਇਰਾਕ ਅਤੇ ਲੀਬੀਆ ਵਿੱਚ ਜਿਹਾਦੀ ਗਰੁੱਪਾਂ ਨਾਲ ਲੜ ਰਹੇ ਹਨ| ਇਨ੍ਹਾਂ ਵਿੱਚ ਕਈ ਯੁੱਧ ਵਿੱਚ ਮਾਰੇ ਗਏ ਹਨ ਜਦਕਿ ਕਈ ਹੋਰ ਜੇਲਾਂ ਵਿੱਚ ਬੰਦ ਹਨ ਜਾਂ ਫਿਰ ਟਿਊਨੀਸ਼ੀਆ ਵਾਪਸ ਜਾਣ ਮਗਰੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *