ਟੀਕਾਕਰਨ ਨਾਲ ਤਿੰਨ ਬੱਚਿਆਂ ਦੀ ਮੌਤ, 6 ਦੀ ਹਾਲਤ ਗੰਭੀਰ

ਝਾਰਖੰਡ, 9 ਅਪ੍ਰੈਲ (ਸ.ਬ.) ਇੱਥੋਂ ਦੇ ਪਲਾਮੂ ਜ਼ਿਲੇ ਵਿੱਚ ਟੀਕਾਕਰਨ ਦੇ ਕੁਝ ਘੰਟਿਆਂ ਬਾਅਦ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 6 ਬੱਚਿਆਂ ਦੀ ਹਾਲਤ ਗੰਭੀਰ ਹੈ| ਬੱਚਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ| ਵਿਭਾਗ ਨੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਨੂੰ ਇਕ ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਹੈ| ਨਾਲ ਹੀ ਮਾਮਲੇ ਦੀ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ| ਘਟਨਾ ਜ਼ਿਲੇ ਦੇ ਲੋਈਂਗਾ ਪਿੰਡ ਦੀ ਹੈ| ਇੱਥੇ ਪਿੰਡ ਵਿੱਚ ਤਿੰਨ ਨਵਜਾਤ ਦੀ ਮੌਤ ਹੋਣ ਅਤੇ 6 ਦੀ ਹਾਲਤ ਗੰਭੀਰ ਹੋਣ ਦੀ ਗੱਲ ਸਾਹਮਣੇ ਆਈ ਹੈ| ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਸ਼ਨੀਵਾਰ ਨੂੰ ਪਿੰਡ ਦੇ ਆਂਗਨਵਾੜੀ ਕੇਂਦਰ ਤੇ 9 ਬੱਚਿਆਂ ਦਾ ਟੀਕਾਕਰਨ ਹੋਇਆ ਸੀ| ਆਂਗਨਵਾੜੀ ਕੇਂਦਰ ਵਿੱਚ ਇਹ ਟੀਕੇ ਪਾਟਨ ਭਾਈਚਾਰਕ ਸਿਹਤ ਕੇਂਦਰ ਤੋਂ ਆਏ ਸਨ|
ਲੋਕਾਂ ਦੇ ਦੋਸ਼ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਅਧਿਕਾਰੀ ਅਨਿਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਅਜੇ ਘਟਨਾ ਦੀ ਜਾਂਚ ਸ਼ੁਰੂਆਤੀ ਪੱਧਰ ਤੇ ਹੈ, ਇਸ ਲਈ ਕੁਝ ਨਹੀਂ ਕਿਹਾ ਜਾ ਸਕਦਾ ਹੈ| ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ| ਘਟਨਾ ਤੇ ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਨੇ ਸੋਗ ਜ਼ਾਹਰ ਕੀਤਾ ਹੈ| ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ| ਸੀ.ਐਮ. ਨੇ ਮਾਮਲੇ ਦੀ ਜਾਂਚ ਰਿਪੋਰਟ ਤੁਰੰਤ ਭੇਜਣ ਦਾ ਆਦੇਸ਼ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਤੇ ਸਖਤ ਕਾਰਵਾਈ ਹੋਵੇਗੀ| ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਸਥਾਨਕ ਵਿਧਾਇਕ ਰਾਧਾਕ੍ਰਿਸ਼ਨ ਕਿਸ਼ੋਰ ਲੋਈਂਗਾ ਪਿੰਡ ਪੁੱਜੇ ਅਤੇ ਪੀੜਤਾ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ|

Leave a Reply

Your email address will not be published. Required fields are marked *