ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲੱਗਦੀਆਂ ਸੱਟਾਂ ਦੀ ਸਮੱਸਿਆ


ਸੱਟਾਂ ਦੀ ਸਮੱਸਿਆ ਨਾਲ ਜੂਝ ਰਹੀ ਟੀਮ ਇੰਡੀਆ ਨੇ ਜਬਰਦਸਤ ਸੰਘਰਸ਼ ਸਮਰਥਾ ਦਾ ਪ੍ਰਦਰਸ਼ਨ ਕਰਕੇ ਸਿਡਨੀ ਵਿੱਚ ਖੇਡੇ ਗਏ ਤੀਸਰੇ ਟੈਸਟ ਨੂੰ ਡਰਾਅ ਕਰਾ ਲਿਆ। ਇਸ ਡਰਾਅ ਲਈ ਹਨੁਮਾ ਵਿਹਾਰੀ ਅਤੇ ਰਵਿਚੰਦਰਨ ਅਸ਼ਵਿਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਇਸ ਜੋੜੀ ਨੂੰ ਤੋੜਨ ਲਈ ਆਸਟ੍ਰੇਲਿਆਈ ਗੇਂਦਬਾਜਾਂ ਨੇ ਹਰ ਤਰਕੀਬ ਅਜਮਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ। ਉਤਾਰ-ਚੜ੍ਹਾਅ ਵਾਲੇ ਇਸ ਟੈਸਟ ਵਿੱਚ ਸਵੇਰੇ ਕਪਤਾਨ ਅਜਿੰਕਿਅ ਰਹਾਣੇ ਦੇ ਛੇਤੀ ਆਉਟ ਹੋ ਜਾਣ ਤੇ ਇੱਕ ਵਾਰ ਲੱਗਿਆ ਕਿ ਆਸਟ੍ਰੇਲੀਆ ਦਾ ਪਲੜਾ ਮੈਚ ਵਿੱਚ ਭਾਰੀ ਹੋ ਗਿਆ ਹੈ, ਪਰ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਨੇ ਚੌਥੇ ਵਿਕੇਟ ਦੀ ਸਾਂਝੇਦਾਰੀ ਵਿੱਚ 148 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਦੀਆਂ ਸੰਭਾਵਨਾਵਾਂ ਬਣਾ ਦਿੱਤੀਆਂ ਸਨ। ਪੰਤ ਦਾ ਸੈਂਕੜਾ ਬਣਾਉਣ ਦੀ ਜਲਦਬਾਜੀ ਵਿੱਚ ਵਿਕੇਟ ਗਵਾਉਣ ਨਾਲ ਇੱਕ ਵਾਰ ਫਿਰ ਪਲੜਾ ਆਸਟ੍ਰੇਲੀਆ ਦਾ ਭਾਰੀ ਹੋ ਗਿਆ। ਪੰਤ ਜਦੋਂ 92 ਦੌੜਾਂ ਤੇ ਪੁੱਜੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਅਗਲੇ ਕੁੱਝ ਓਵਰਾਂ ਵਿੱਚ ਹੀ ਦੂਜੀ ਨਵੀਂ ਗੇਂਦ ਲਈ ਜਾ ਸਕਦੀ ਹੈ। ਇਸ ਲਈ ਉਹ ਛੇਤੀ ਤੋਂ ਛੇਤੀ ਸੈਂਕੜੇ ਤੱਕ ਪੁੱਜਣਾ ਚਾਹੁੰਦੇ ਸਨ। ਇਸ ਕੋਸ਼ਿਸ਼ ਵਿੱਚ ਹੀ ਉਹ ਆਪਣਾ ਵਿਕੇਟ ਗਵਾ ਬੈਠੇ। ਇੰਨਾ ਜਰੂਰ ਹੈ ਕਿ ਉਨ੍ਹਾਂ ਨੇ ਜੇਕਰ ਸਬਰ ਬਣਾ ਕੇ ਰੱਖਿਆ ਹੁੰਦਾ ਤਾਂ ਬਹੁਤ ਸੰਭਾਵਨਾ ਸੀ ਕਿ ਅਸੀਂ ਇਹ ਟੈਸਟ ਜਿੱਤ ਕੇ ਸੀਰੀਜ ਵਿੱਚ 2-1 ਨਾਲ ਅੱਗੇ ਹੋ ਗਏ ਹੁੰਦੇ। ਪੰਤ ਤੋਂ ਬਾਅਦ ਪੁਜਾਰਾ ਦੇ ਵੀ ਚਲੇ ਜਾਣ ਤੇ ਵਿਹਾਰੀ ਅਤੇ ਅਸ਼ਵਿਨ ਨੇ ਜਿਸ ਤਰ੍ਹਾਂ ਵਿਕੇਟ ਤੇ ਡਟਣ ਦਾ ਜਜਬਾ ਵਿਖਾਇਆ, ਹਮੇਸ਼ਾ ਯਾਦ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਜੋੜੀ ਨੇ ਟਾਰਗੇਟ ਦਾ ਪਿੱਛਾ ਕਰਦੇ ਸਮਾਂ ਚੌਥੀ ਪਾਰੀ ਵਿੱਚ 43 ਓਵਰ ਤੱਕ ਡਟੇ ਰਹਿ ਕੇ ਨਵਾਂ ਰਿਕਾਰਡ ਬਣਾਉਣ ਦੇ ਦੌਰਾਨ ਸੱਟ ਲੱਗਣ ਤੇ ਵੀ ਹਾਰ ਨਹੀਂ ਮੰਨੀ। ਵਿਹਾਰੀ ਦੌੜਾਂ ਲੈਣ ਦੀ ਕੋਸ਼ਿਸ਼ ਵਿੱਚ ਹੈੰਟਰਿਰੰਗ ਦਾ ਸ਼ਿਕਾਰ ਬਣ ਗਏ ਸਨ ਅਤੇ ਉਨ੍ਹਾਂ ਨੂੰ ਦੌੜਣ ਵਿੱਚ ਦਰਦ ਹੋ ਰਿਹਾ ਸੀ। ਉੱਥੇ ਅਸ਼ਵਿਨ ਦੀ ਕਮਰ ਵਿੱਚ ਕਮਿੰਸ ਦੀ ਗੇਂਦ ਲੱਗਣ ਨਾਲ ਦਰਦ ਹੋ ਰਿਹਾ ਸੀ। ਇਸ ਲਈ ਇਸ ਜੋੜੀ ਨੇ ਆਪਣੀਆਂ 259 ਗੇਂਦਾਂ ਲੰਮੀ ਸਾਂਝੇਦਾਰੀ ਵਿੱਚ ਦੌੜਾਂ ਲਈ ਦੌੜਣ ਦੀ ਬਜਾਏ ਵਿਕੇਟ ਤੇ ਟਿਕੇ ਰਹਿਣ ਤੇ ਜ਼ੋਰ ਦਿੱਤਾ। ਭਾਰਤ ਨੇ ਪਹਿਲੇ ਟੈਸਟ ਦੇ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਦੂਜੇ ਟੈਸਟ ਵਿੱਚ ਸ਼ਾਨਦਾਰ ਜਿੱਤ ਪਾ ਕੇ ਵਾਪਸੀ ਕੀਤੀ ਸੀ। ਪਰ ਉਹ ਜੇਕਰ ਇਸ ਟੈਸਟ ਵਿੱਚ ਹਾਰ ਜਾਂਦੀ ਤਾਂ ਟੀਮ ਦਾ ਮਨੋਬਲ ਟੁੱਟ ਸਕਦਾ ਸੀ। ਇਸ ਪ੍ਰਦਰਸ਼ਨ ਤੋਂ ਬਾਅਦ ਉਹ ਹੁਣ 15 ਜਨਵਰੀ ਤੋਂ ਬਿ੍ਰਸਬੇਨ ਵਿੱਚ ਖੇਡੇ ਜਾਣ ਵਾਲੇ ਚੌਥੇ ਅਤੇ ਆਖਰੀ ਟੈਸਟ ਵਿੱਚ ਉੱਚੇ ਮਨੋਬਲ ਦੇ ਨਾਲ ਉੱਤਰ ਸਕੇਗੀ। ਇਹ ਠੀਕ ਹੈ ਕਿ ਰਵਿੰਦਰ ਜਡੇਜਾ ਦੇ ਅੰਗੂਠੇ ਵਿੱਚ ਫਰੈਕਚਰ ਤੋਂ ਬਾਅਦ ਸੀਰੀਜ ਤੋਂ ਬਾਹਰ ਹੋਣ ਨਾਲ ਭਾਰਤ ਨੂੰ ਝੱਟਕਾ ਲੱਗਿਆ ਹੈ। ਸੱਟਾਂ ਦੀ ਸਮੱਸਿਆ ਦੇ ਕਾਰਨ ਟੀਮ ਦੇ ਕੋਲ ਹੁਣ ਜ਼ਿਆਦਾ ਵਿਕਲਪ ਨਹੀਂ ਹਨ।
ਹਰੀਸ਼ ਵਰਮਾ

Leave a Reply

Your email address will not be published. Required fields are marked *