ਟੀ.ਡੀ.ਆਈ ਦੇ ਬਿਲਡਰ ਵੱਲੋਂ ਕਲੱਬ ਦੀ ਮੈਂਬਰਸ਼ਿਪ ਨਾਂ ਤੇ ਲੋਕਾਂ ਤੋਂ ਵਸੂਲੀ ਜਾਂਦੀ ਰਕਮ ਦੀ ਪੜਤਾਲ ਕਰਾਉਣ ਦੀ ਮੰਗ


ਐਸ ਏ ਐਸ ਨਗਰ, 24 ਨਵੰਬਰ (ਸ.ਬ.) ਰੈਜੀਡੈਂਸ  ਵੈੱਲਫੇਅਰ ਸੁਸਾਇਟੀ ਸੈਕਟਰ 110/111 ਦੇ ਪ੍ਰਧਾਨ ਰਾਜਵਿੰਦਰ ਸਿੰਘ  ਨੇ  ਟੀ. ਡੀ. ਆਈ ਬਿਲਡਰ ਵੱਲੋਂ ਪਿਛਲੇ ਗਿਆਰਾਂ ਸਾਲਾਂ ਤੋਂ ਕਲੱਬ ਦੇ ਨਾਂ ਤੇ ਮੈਂਬਰਸ਼ਿਪ ਫੀਸ ਲੈਣ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ|  
ਸੰਸਥਾ ਦੇ ਪ੍ਰਧਾਨ ਸ੍ਰ ਰਾਜਵਿੰਦਰ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਜਸਵੀਰ ਸਿੰਘ ਗੜਾਂਗ, ਸਾਧੂ ਸਿੰਘ, ਬਲਜੀਤ ਸਿੰਘ, ਪਰਵਿੰਦਰ ਬਖ਼ਸ਼ੀ, ਅਮਰਦੀਪ, ਰਾਜੇਸ਼ ਸ਼ਰਮਾ, ਮੋਹਿਤ ਮੈਦਾਨ, ਸਿਕੰਦਰ ਸਿੰਘ, ਸੁਖਦੇਵ ਸਿੰਘ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਬਿਲਡਰ ਵਲੋਂ 2009 ਤੋਂ  ਕਲੱਬ ਦੇ ਨਾਂ ਤੇ 50000 ਰੁਪਏ ਪ੍ਰਤੀ ਯੂਨਿਟ ਮੈਂਬਰਸ਼ਿਪ ਫ਼ੀਸ ਲਈ ਜਾ ਰਹੀ ਹੈ ਜਦੋਂਕਿ 2015 ਤਕ ਗਮਾਡਾ ਵੱਲੋਂ ਇਨ੍ਹਾਂ ਸੈਕਟਰਾਂ ਦੇ ਪਾਸ ਕੀਤੇ ਨਕਸ਼ੇ ਵਿੱਚ ਕਲੱਬ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਸੀ| 
ਉਹਨਾਂ ਕਿਹਾ ਕਿ ਸਾਲ 2014 ਵਿੱਚ ਇੱਥੋਂ ਦੀ ਸਬੰਧਤ  ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀ ਨੇ  ਮੁਹਾਲੀ ਦੀ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਜਿਸ ਵਿੱਚ ਟੀ .ਡੀ. ਆਈ . ਦੇ ਬਿਲਡਰ ਵੱਲੋਂ ਇਹ ਅੰਡਰਟੇਕਿੰਗ ਦਿੱਤੀ ਗਈ ਸੀ ਕਿ ਕਲੱਬ ਦੀ ਬਿਲਡਿੰਗ 2015 ਵਿੱਚ ਮੁਕੰਮਲ ਤੌਰ ਤੇ ਤਿਆਰ ਹੋ ਜਾਵੇਗੀ, ਪਰੰਤੂ ਇਹ ਹੁਣ ਤਕ ਤਿਆਰ ਨਹੀਂ ਕੀਤੀ ਗਈ ਹੈ| ਉਹਨਾਂ ਕਿਹਾ ਕਿ ਜਿਹੜੀ ਇਮਾਰਤ  ਬਣੀ ਵੀ ਸੀ ਉਹ ਵੀ ਕੰਮ ਨਾ ਹੋਣ ਕਰ ਕੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ| 
ਉਹਨਾਂ ਕਿਹਾ ਕਿ ਕਲੱਬ ਦਾ ਜੋ ਨਕਸ਼ਾ 2015 ਵਿੱਚ ਗਮਾਡਾ ਵੱਲੋਂ ਪਾਸ ਕੀਤਾ ਗਿਆ ਹੈ, ਉਸ ਵਿੱਚ ਇਸ ਕਲੱਬ ਨੂੰ ਕਮਰਸ਼ੀਅਲ ਥਾਂ ਦਰਸਾਇਆ ਗਿਆ ਹੈ ਜਦੋਂਕਿ ਇਸ ਸੰਬੰਧੀ ਵਸਨੀਕਾਂ ਤੋਂ 50000 ਰੁਪਏ  ਮੈਂਬਰਸ਼ਿਪ ਫੀਸ ਵਸੂਲੀ  ਜਾ ਰਹੀ ਹੈ| ਉਹਨਾਂ ਇਲਜਾਮ ਲਗਾਇਆ ਕਿ ਜਿਹੜੇ ਮਾਲਕਾਂ ਵਲੋਂ ਆਪਣੇ ਮਕਾਨ/ਪਲਾਟ ਹੋਰ ਲੋਕਾਂ ਨੂੰ ਵੇਚ ਦਿੱਤੇ ਹਨ ,ਉਨ੍ਹਾਂ ਨੂੰ ਮੈਂਬਰਸ਼ਿਪ ਫੀਸ ਵਾਪਸ ਵੀ ਨਹੀਂ ਕੀਤੀ ਜਾਂਦੀ ਅਤੇ ਨਵੇਂ ਮਾਲਕਾਂ ਤੋਂ ਦੁਬਾਰਾ 50000 ਰੁਪਏ ਪ੍ਰਤੀ ਯੂਨਿਟ ਮੈਂਬਰਸ਼ਿਪ ਫ਼ੀਸ ਵਸੂਲੀ ਜਾਂਦੀ ਹੈ| 
ਉਹਨਾਂ ਕਿਹਾ ਕਿ ਕਲੱਬ ਲਈ ਇਕੱਠੀ ਕੀਤੀ ਮੈਂਬਰਸ਼ਿਪ ਫ਼ੀਸ ਦੇ          ਲੇਖੇ ਜੋਖੇ ਬਾਰੇ ਕਲੱਬ ਦੇ ਮੈਂਬਰਾਂ ਨੂੰ ਕਦੇ ਵੀ ਕੋਈ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਅਤੇ ਪਿਛਲੇ ਦੱਸ ਗਿਆਰਾਂ ਸਾਲਾਂ ਵਿਚ ਕਲੱਬ ਦੇ ਮੈਂਬਰਾ ਦੀ ਕੋਈ ਮੀਟਿੰਗ ਵੀ ਨਹੀਂ ਕੀਤੀ ਗਈ ਅਤੇ ਇਸ ਦੀ ਆਮਦਨ ਖਰਚੇ ਦੇ ਵੇਰਵੇ ਕਦੇ ਵੀ ਮੈਂਬਰਾਂ ਨਾਲ ਸਾਂਝੇ ਨਹੀਂ ਕੀਤੇ ਗਏ | 
ਉਹਨਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੂੰ ਤਾਂ ਇਹ ਵੀ ਜਾਣਕਾਰੀ ਨਹੀਂ ਕਿ ਇਸ ਕਲੱਬ ਨੂੰ ਰਜਿਸਟਰਡ ਕਰਵਾਇਆ ਗਿਆ ਹੈ ਜਾਂ ਨਹੀਂ| ਇਸ ਲਈ ਕਲੱਬ ਦੇ ਨਾਂ ਇਥੋਂ ਦੇ ਵਸਨੀਕਾਂ ਨਾਲ ਬਿਲਡਰ ਵੱਲੋਂ ਬਹੁਤ ਹੀ ਵੱਡੀ ਠੱਗੀ ਮਾਰ ਕੇ ਕਲੱਬ ਨੂੰ ਆਪਣੀ ਆਮਦਨ ਦਾ ਸਾਧਨ ਬਣਾਇਆ ਗਿਆ ਹੈ| ਉਹਨਾਂ ਮੁੱਖ ਮੰਤਰੀ ਪੰਜਾਬ ਤੋਂ  ਮੰਗ ਕੀਤੀ ਕਿ ਇਸ ਦੀ ਉੱਚ ਪੱਧਰੀ ਪੜਤਾਲ ਕਰਾ ਕੇ ਬਿਲਡਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਅਤੇ ਬਿਲਡਰ ਵੱਲੋਂ ਲਈ ਗਈ 50000 ਰੁਪਏ ਦੀ ਮੈਂਬਰਸ਼ਿਪ ਫੀਸ ਅਠਾਰਾਂ ਫੀਸਦੀ ਵਿਆਜ ਸਮੇਤ ਵਾਪਸ ਕਰਵਾਈ ਜਾਵੇ|

Leave a Reply

Your email address will not be published. Required fields are marked *