ਟੀ. ਡੀ. ਆਈ. ਸਿਟੀ ਸੈਕਟਰ 110 ਵਿੱਚ ਹੁਲੱੜਬਾਜਾਂ ਦਾ ਆਤੰਕ ਪਰਿਵਾਰਾਂ ਦੀ ਨੀਂਦ ਹਰਾਮ, ਪੁਲੀਸ ਨਹੀ ਕਰ ਰਹੀ ਪਰਵਾਹ
ਐੱਸ ਏ ਐੱਸ ਨਗਰ, 15 ਫਰਵਰੀ (ਸ.ਬ.) ਮੁਹਾਲੀ ਸ਼ਹਿਰ ਦਾ ਕਾਫੀ ਪਸਾਰ ਹੋਇਆ ਹੈ ਅਤੇ ਚਾਰੇ ਪਾਸੇ ਕੰਪਨੀਆਂ ਵਲੋਂ ਵੱਡੀਆਂ ਵੱਡੀਆਂ ਉਸਾਰੀਆਂ ਕਰਕੇ ਲੋਕਾਂ ਨੂੰ ਬਸਾਇਆ ਗਿਆ ਹੈ। ਇਹਨਾਂ ਕਾਲੋਨੀਆਂ ਵਿੱਚ ਬਣੇ ਫਲੈਟਾਂ ਵਿੱਚ ਪੜਣ-ਨੌਕਰੀ ਕਰਨ ਦੇ ਬਹਾਨੇ ਰਹਿੰਦੇ ਮੁੰਡੇ-ਕੁੜੀਆਂ ਵਲੋਂ ਕੀਤੀ ਜਾਂਦੀ ਹੁੱਲੜਬਾਜੀ ਆਮ ਲੋਕਾਂ ਦੀ ਨੀਂਦ ਹਰਾਮ ਕਰ ਦਿੱਦੀ ਹੈ।
ਟੀ.ਡੀ.ਆਈ. ਸਿਟੀ ਸੈਕਟਰ 110 ਮੁਹਾਲੀ ਦੀ ਵਾਇਰਲ ਹੋਈ ਵੀਡੀਓ ਦੀ ਹੈ ਜਿੱਥੇ ਰਾਤ ਦੇ 2 ਵਜੇ ਮੁੰਡੇ ਸੁਸਾਇਟੀ ਦੀ ਅੰਦਰਲੀ ਸੜਕ ਤੇ ਗੱਡੀ ਖੜੀ ਕਰਕੇ ਨਸ਼ੇ ਵਿੱਚ ਧੂਤ ਨਾਚ ਕਰ ਰਹੇ ਹਨ। ਇਸ ਸਬੰਧੀ ਸਥਾਨਕ ਰੈਜੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਸ. ਆਰ. ਸ਼ੈਫੀ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਰੋਜਾਨਾ ਵਾਪਰ ਰਹੀਆਂ ਹਨ, ਮੰਡੀਹਰ ਰਾਤ ਦੇ ਬਾਰਾਂ ਵਜੇ ਪਾਰਟੀਆਂ ਸ਼ੁਰੂ ਕਰਦੇ ਹਨ ਅਤੇ ਪੂਰੀ ਰਾਤ ਪਾਰਟੀ ਚਲਦੀਆਂ ਹਨ।
ਉਹਨਾਂ ਕਿਹਾ ਕਿ ਇਸ ਸਬੰਧੀ ਭਾਵੇਂ ਸਰਕਾਰ ਵਲੋਂ ਰਾਤ ਵੇਲੇ ਕਿਸੇ ਵੀ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਨ ਤੇ ਪਾਬੰਦੀ ਹੈ, ਪਰ ਇਹ ਮੰਡੀਹਰ ਅਜਿਹੇ ਹੁਕਮਾਂ ਨੂੰ ਟਿੱਚ ਨਹੀ ਜਾਣਦੀ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਸਥਾਨਕ ਪੁਲੀਸ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੇ ਉਚ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਹੈ, ਪਰ ਪੁਲੀਸ ਵਲੋ ਕੋਈ ਕਾਰਵਾਈ ਨਹੀ ਕੀਤੀ ਜਾਂਦੀ, ਜਿਸ ਕਰਕੇ ਹੁਲੱੜਬਾਜਾਂ ਦੇ ਹੌਸਲੇ ਬੁਲੰਦ ਹਨ।
ਸਥਾਨਕ ਵਸਨੀਕਾਂ ਡਾ. ਆਜਾਦ, ਹਿਰੇਨ ਪ੍ਰਤਾਪ, ਸਾਧੂ ਸਿੰਘ, ਗਗਨਦੀਪ, ਪ੍ਰਦੀਪ ਸ਼ਰਮਾਂ ਅਦਿ ਨੇ ਮੰਗ ਕੀਤੀ ਹੈ ਕਿ ਹੁਲੱੜਬਾਜਾਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਖੇਤਰ ਲਈ ਰਾਤ ਵਾਸਤੇ ਇੱਕ ਪੁਲਿਸ ਟੀਮ ਪੱਕੇ ਤੌਰ ਤੇ ਤਾਇਨਾਤ ਕੀਤੀ ਜਾਵੇ।