ਟੂਲਕਿੱਲ ਮਾਮਲਾ : ਨਿਕਿਤਾ ਜੈਕਬ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

ਮੁੰਬਈ, 17 ਫਰਵਰੀ (ਸ.ਬ.) ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਵਿਚ ਦੋਸ਼ੀ ਨਿਕਿਤਾ ਜੈਕਬ ਨੂੰ ਬਾਂਬੇ ਹਾਈ ਕੋਰਟ ਵਲੋਂ ਰਾਹਤ ਮਿਲ ਗਈ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਨਿਕਿਤਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਪੇਸ਼ੇ ਤੋਂ ਵਕੀਲ ਨਿਕਿਤਾ ਨੇ ਅਦਾਲਤ ਦਾ ਰੁਖ਼ ਕੀਤਾ ਅਤੇ ਇਸ ਮਾਮਲੇ ਵਿਚ ਰਾਹਤ ਦੀ ਅਪੀਲ ਕੀਤੀ ਸੀ। ਕੋਰਟ ਨੇ ਨਿਕਿਤਾ ਨੂੰ 3 ਹਫ਼ਤੇ ਦੀ ਟਰਾਂਜਿਟ ਜ਼ਮਾਨਤ ਦੇ ਦਿੱਤੀ ਹੈ।

ਨਿਕਿਤਾ ਜੈਕਬ ਦੇ ਵਕੀਲਾਂ ਵਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਨਿਕਿਤਾ ਦਿੱਲੀ ਪੁਲੀਸ ਦੀ ਜਾਂਚ ਵਿੱਚ ਸਾਥ ਦੇਣ ਨੂੰ ਤਿਆਰ ਹੈ ਪਰ ਉਹ ਸਿਰਫ਼ ਗੈਰ-ਜ਼ਮਾਨਤੀ ਵਾਰੰਟ ਖ਼ਿਲਾਫ਼ ਅਪੀਲ ਕਰ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਐਫ.ਆਈ.ਆਰ. ਦਿੱਲੀ ਵਿੱਚ ਹੀ ਦਰਜ ਹੋਈ ਹੈ। ਦਿੱਲੀ ਪੁਲੀਸ ਨੇ ਨਿਕਿਤਾ ਦੇ ਮੋਬਾਇਲ-ਲੈਪਟਾਪ ਨੂੰ ਵੀ ਜ਼ਬਤ ਕੀਤਾ ਹੈ। ਦਿੱਲੀ ਪੁਲੀਸ ਦਾ ਦਾਅਵਾ ਹੈ ਕਿ ਇਸ ਸਾਜਿਸ਼ ਵਿਚ ਨਿਕਿਤਾ ਦੀ ਭੂਮਿਕਾ ਸਭ ਤੋਂ ਵੱਡੀ ਅਤੇ ਸ਼ੱਕੀ ਹੈ।

ਜਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਬੀਤੇ ਦਿਨੀਂ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਦਾ ਖ਼ੁਲਾਸਾ ਕੀਤਾ ਸੀ। ਇਸ ਮਾਮਲੇ ਵਿਚ ਬੈਂਗਲੁਰੂ ਤੋਂ ਪੌਣ-ਪਾਣੀ ਕਾਰਕੁੰਨ ਦਿਸ਼ਾ ਰਵੀ ਨੂੰ ਪੁਲੀਸ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਤੋਂ ਬਾਅਦ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਦੀ ਭਾਲ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਨਿਕਿਤਾ ਅਤੇ ਸ਼ਾਂਤਨੂੰ ਖਾਲਿਸਤਾਨੀ ਸਮਰਥਕਾਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਨੇ ਟੂਲਕਿੱਟ ਬਣਾਉਣ ਵਿੱਚ ਮਦਦ ਕੀਤੀ। ਇਹ ਉਹ ਹੀ ਟੂਲਕਿੱਟ ਸੀ, ਜਿਸ ਨੂੰ ਦਿਸ਼ਾ ਰਵੀ ਨੇ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਨੂੰ ਭੇਜਿਆ ਸੀ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੀ ਗਈ ਦਿਸ਼ਾ ਰਵੀ 5 ਦਿਨਾਂ ਦੀ ਪੁਲੀਸ ਰਿਮਾਂਡ ਤੇ ਹੈ।

Leave a Reply

Your email address will not be published. Required fields are marked *