ਟੈਂਪੂ ਟਰੈਵਲ ਅਤੇ ਟਰੱਕ ਦੀ ਟੱਕਰ, 4 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ

ਬਰਨਾਲਾ, 13 ਅਕਤੂਬਰ (ਸ.ਬ.) ਅੱਜ ਸਵੇਰੇ ਬਰਨਾਲਾ-ਲੁਧਿਆਣਾ ਹਾਈਵੇਅ ਤੇ ਇਕ ਦਰਦਨਾਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ| ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਦੇ ਕਰਮਚਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਕਿ ਮਹਿਲਕਲਾਂ ਟੋਲ ਪਲਾਜ਼ਾ ਤੋਂ ਕਰੀਬ 1 ਕਿਲੋਮੀਟਰ ਅੱਗੇ ਟੈਂਪੂ ਟਰੈਵਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਹੈ| ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਜਾ ਕੇ ਦੇਖਿਆ ਤਾਂ ਟੈਂਪੂ ਟਰੈਵਲ ਸਵਾਰ 3 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ, ਜਦੋਂਕਿ ਉਨ੍ਹਾਂ ਵਿਚੋਂ 4 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਸ ਵਿਚੋਂ 1 ਦੀ ਇਲਾਜ ਦੌਰਾਨ ਮੌਤ ਹੋ ਗਈ| ਜ਼ਖਮੀ ਲੋਕਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ|
ਇਸ ਮਾਮਲੇ ਵਿਚ ਮਹਿਲਕਲਾਂ ਦੇ ਐਸ.ਐਚ.ਓ. ਪਰਗਟ ਸਿੰਘ ਨੇ ਦੱਸਿਆ ਕਿ ਟੈਂਪੂ ਟਰੈਵਲ ਸਵਾਰ ਸਾਰੇ ਲੋਕ ਕੈਟਰਿੰਗ ਦਾ ਕੰਮ ਕਰਦੇ ਸਨ ਅਤੇ ਉਹ ਲੋਕ ਸਿਰਸਾ ਤੋਂ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਲੁਧਿਆਣਾ ਪਰਤ ਰਹੇ ਸਨ| ਇਸ ਦੌਰਾਨ ਲੁਧਿਆਣਾ ਵਲੋਂ ਆ ਰਹੇ ਸੇਬਾਂ ਦੇ ਭਰੇ ਟਰੱਕ ਨਾਲ ਟੱਕਰ ਹੋ ਗਈ| ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *