ਟੈਨਿਸ: ਚੇਨਈ ਓਪਨ ਵਿੱਚ ਦਿਖੇਗਾ ਬੋਪੰਨਾ-ਨੇਦੁਨ ਦਾ ਜਲਵਾ

ਚੇਨਈ, 22 ਦਸੰਬਰ (ਸ.ਬ.) ਭਾਰਤ ਦੇ ਰੋਹਨ ਬੋਪੰਨਾ ਅਤੇ ਜੀਵਨ ਨੇਦੁਨਚੇਝੀਯਨ ਦੀ ਜੋੜੀ ਜਨਵਰੀ ਤੋਂ ਨੁੰਗਮਬਕੱਮ ਦੇ ਐਸ.ਡੀ.ਏ.ਟੀ. ਟੈਨਿਸ ਸਟੇਡੀਅਮ ਹੋਣ ਵਾਲੇ ਏਅਰਸੈਲ ਚੇਨਈ ਓਪਨ ਦੇ 22ਵੇਂ ਸੈਸ਼ਨ ਵਿੱਚ ਸਖਤ ਚੁਣੌਤੀ ਪੇਸ਼ ਕਰਨਗੇ| ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ (28ਵੀਂ ਰੈਂਕਿੰਗ) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਨੇਦੁਨਚੇਝੀਯਨ (100ਵੀਂ ਰੈਂਕਿੰਗ) ਦੇ ਨਾਲ ਜੋੜੀ ਬਣਾਈ ਸੀ ਅਤੇ ਇਹ ਜੋੜੀ ਚੀਨ ਵਿੱਚ ਹੋਏ ਚੇਂਗਡੂ ਓਪਨ ਦੇ ਕੁਆਰਟਰਫਾਈਨਲ ਤੱਕ ਵੀ ਪਹੁੰਚੀ ਸੀ|
ਹਾਲਾਂਕਿ ਉਨ੍ਹਾਂ ਨੂੰ ਕੈਨੇਡਾ ਦੇ ਆਦਿਲ ਸ਼ਮਸਦੀਨ ਅਤੇ ਉਨ੍ਹਾਂ ਦੇ ਸਵੀਡਿਸ਼ ਜੋੜੀਦਾਰ ਆਂਦ੍ਰਿਆਸ ਸਿਲਜੇਸਟ੍ਰੋਮ ਦੇ ਹੱਥੋਂ ਹਾਰ ਮਿਲੀ ਪਰ ਦੋਹਾਂ ਭਾਰਤੀਆਂ ਨੇ ਕੋਰਟ ਤੇ ਬਿਹਤਰੀਨ ਖੇਡ ਅਤੇ ਤਾਲਮੇਲ ਦਾ ਪ੍ਰਦਰਸ਼ਨ ਕੀਤਾ ਸੀ| ਇਸ ਮੁਕਾਬਲੇ ਵਿੱਚ ਬੋਪੰਨਾ-ਨੇਦੁਨ ਦੀ ਜੋੜੀ ਨੂੰ ਸਤਵਾਂ ਦਰਜਾ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਦੋਵੇਂ ਖਿਡਾਰੀ ਘਰੇਲੂ ਸਮਰਥਕਾਂ ਦੇ ਸਾਹਮਣੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਪ੍ਰਤੀਯੋਗਿਤਾ ਵਿੱਚ ਲੰਬਾ ਸਫਰ ਤੈਅ ਕਰਨਗੇ|
ਚੇਨਈ ਵਿੱਚ ਇਕ ਹੋਰ ਭਾਰਤੀ ਜੋੜੀ ਪੂਰਵ ਰਾਜਾ (ਰੈਂਕਿੰਗ 65) ਅਤੇ ਦਿਵਿਜ ਸ਼ਰਨ (ਰੈਂਕਿੰਗ 63) ਵੀ ਖਿਤਾਬੀ ਦੌੜ ਵਿੱਚ ਉਤਰ ਰਹੀ ਹੈ| ਇਨ੍ਹਾਂ ਦੋਹਾਂ ਖਿਡਾਰੀਆਂ ਨੇ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ ਚੇਂਗਡੂ ਓਪਨ ਵਿੱਚ ਹਿੱਸਾ ਲਿਆ ਸੀ| ਹਾਲਾਂਕਿ ਏਅਰਸੈਲ ਚੇਨਈ ਓਪਨ ਪ੍ਰਤੀਯੋਗਿਤਾ ਵਿੱਚ ਡਬਲਜ਼ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਨ 7 ਵਾਰ ਦੇ ਓਲੰਪੀਅਨ ਅਤੇ 18 ਗ੍ਰੈਂਡ ਸਲੈਮ ਜੇਤੂ ਲੀਐਂਡਰ ਪੇਸ ਹੋਣਗੇ| ਪੇਸ ਨੇ ਅੱਠ ਡਬਲਜ਼ ਅਤੇ 10 ਮਿਕਸਡ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ|
ਪੇਸ ਇੱਥੇ ਬ੍ਰਾਜ਼ੀਲ ਦੇ ਆਂਦਰੇ ਸਾਅ (ਰੈਂਕਿੰਗ 53) ਦੇ ਨਾਲ ਉਤਰ ਰਹੇ ਹਨ| ਦੋਹਾਂ ਨੂੰ ਤੀਜਾ ਦਰਜਾ ਦਿੱਤਾ ਗਿਆ ਹੈ| ਪੇਸ (ਰੈਂਕਿੰਗ 59) ਹੁਣ 43 ਸਾਲਾਂ ਦੇ ਹੋ ਚੁੱਕੇ ਹਨ ਅਤੇ ਸੰਭਾਵਨਾ ਹੈ ਕਿ ਇਸ ਸਾਲ ਉਹ ਏਅਰਸੈੱਲ ਚੇਨਈ ਓਪਨ ਵਿੱਚ ਆਖਰੀ ਵਾਰ ਖੇਡ ਰਹੇ ਹਨ| ਲਿਹਾਜ਼ਾ ਉਹ ਇਸ ਸ਼ਾਨਦਾਰ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਟੈਨਿਸ ਦਾ ਪ੍ਰਦਰਸ਼ਨ ਕਰ ਕੇ ਵਿਦਾਈ ਲੈਣਾ ਜ਼ਰੂਰ ਚਾਹੁਣਗੇ|

Leave a Reply

Your email address will not be published. Required fields are marked *