ਟੈਲੀਫੋਨ ਕੰਪਨੀ ਵਲੋਂ ਮਕਾਨਾਂ ਹੇਠਾਂ ਤਾਰ ਪਾਉਣ ਵਾਲੀ ਕੰਪਨੀ ਤੇ ਮਾਮਲਾ ਦਰਜ ਕਰਨ ਦੀ ਮੰਗ ਪੁਲੀਸ ਕਰ ਰਹੀ ਹੈ ਮਾਮਲੇ ਦੀ ਜਾਂਚ


ਖਰੜ, 8 ਦਸੰਬਰ (ਸ਼ਮਿੰਦਰ ਸਿੰਘ) ਖਰੜ ਚੰਡੀਗੜ੍ਹ ਰੋਡ ਤੇ ਵਸੇ ਪਿੰਡ ਬੱਲੋਮਾਜਰਾ ਦੇ ਵਸਨੀਕਾਂ ਲਖਵੰਤ ਸਿੰਘ, ਹਰੀਸ਼ੇਰਇੰਦਰ ਸਿੰਘ, ਕੇਵਲ ਸਿੰਘ, ਰਮੇਸ਼ਵਰ ਦੱਤ ਅਤੇ ਹੋਰਨਾਂ ਨੇ ਮੁਹਾਲੀ ਦੇ ਐਸ ਡੀ ਐਮ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਕ ਕੰਪਨੀ ਵਲੋਂ ਉਹਨਾਂ ਦੀ ਜਮੀਨ ਵਿੱਚ ਅਤੇ ਉਹਨਾਂ ਦੇ ਮਕਾਨਾਂ ਹੇਠਾਂ ਤਾਰ ਪਾਏ ਜਾਣ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ| 
ਇਸ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਇਕ ਟੈਲੀਫੋਨ ਕੰਪਨੀ ਵਲੋਂ ਧੱਕੇ ਨਾਲ ਉਹਨਾਂ ਦੀ ਨਿੱਜੀ ਜਮੀਨ ਵਿੱਚ ਅਤੇ ਉਹਨਾਂ ਦੇ ਮਕਾਨਾਂ ਦੇ ਹੇਠਾਂ ਦੀ ਮਸ਼ੀਨਾਂ ਨਾਲ ਕੇਬਲ ਪਾਈ ਜਾ ਰਹੀ ਹੈ, ਜਦੋਂ ਉਹ ਇਸ ਕੰਪਨੀ ਦੇ ਮੁਲਾਜਮਾਂ ਨੂੰ ਇਹ ਕੰਮ ਰੋਕਣ ਲਈ ਕਹਿੰਦੇ ਹਨ ਤਾਂ ਉਹ ਕੰਮ ਬੰਦ ਨਹੀਂ ਕਰਦੇ| ਉਹਨਾਂ ਕਿਹਾ ਕਿ ਉਹਨਾਂ ਦੀ ਆਗਿਆ ਬਿਨਾਂ ਉਹਨਾਂ ਦੀ ਨਿਜੀ ਜਮੀਨ ਅਤੇ ਮਕਾਨਾਂ ਹੇਠਾਂ ਦੀ ਕੇਬਲ ਪਾਉਣਾ ਗੈਰਕਾਨੂੰਨੀ ਹੈ| ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀ ਜਮੀਨ ਵਿੱਚ ਅਤੇ ਮਕਾਨਾਂ ਹੇਠਾਂ ਟੈਲੀਫੋਨ ਕੰਪਨੀ ਨੂੰ ਕੇਬਲ ਪਾਉਣ ਤੋਂ ਰੋਕਿਆ ਜਾਵੇ|
ਉਹਨਾਂ ਦੱਸਿਆ ਕਿ ਮੁਹਾਲੀ ਦੇ ਐਸ ਡੀ ਐਮ ਸ੍ਰੀ ਜਗਦੀਪ ਸਹਿਗਲ ਵਲੋਂ ਉਹਨਾਂ ਦੀ ਸ਼ਿਕਾਇਤ ਨੂੰ ਲੋੜੀਂਦੀ ਕਾਰਵਾਈ ਲਈ ਬਲੋਂਗੀ ਥਾਣੇ ਵਿੱਚ ਭੇਜ ਕੇ ਹਿਦਾਇਤ ਕੀਤੀ ਗਈ ਸੀ ਕਿ ਇਸ ਸੰਬੰਧੀ ਤੁਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆ ਕੇ ਰਿਪੋਰਟ ਭੇਜੀ ਜਾਵੇ ਪਰੰਤੂ ਬਲੌਂਗੀ ਥਾਣੇ ਦੀ ਪੁਲੀਸ ਵਲੋਂ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ  ਕਰਨ ਦੀ ਥਾਂ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ| 
ਇਸ ਸਬੰਧੀ ਸੰਪਰਕ ਕਰਨ ਤੇ ਬਲਂੌਗੀ ਥਾਣੇ ਦੀ ਐਸ ਆਈ ਓਮਾ           ਦੇਵੀ ਨੇ ਕਿਹਾ ਕਿ ਮਾਮਲੇ ਨੂੰ ਲਮਕਾਉਣ ਵਾਲੀ ਕੋਈ ਗੱਲ ਨਹੀਂ ਹੈ| ਉਹਨਾਂ ਕਿਹਾ ਕਿ ਉਹਨਾਂ ਦੀ ਕੇਬਲ ਕੰਪਨੀ ਨਾਲ ਗੱਲਬਾਤ ਚਲ ਰਹੀ ਹੈ ਅਤੇ ਕੰਪਨੀ ਦੇ ਨੁਮਾਇੰਦਿਆਂ ਦੇ  ਬਿਆਨ ਹੁਣੇ ਦਰਜ ਹੋਣੇ ਹਨ| ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲੀਸ ਵਲੋਂ  ਬਣਦੀ ਕਾਰਵਾਈ ਕੀਤੀ ਜਾ ਰਹੀ ਹੈ| 

Leave a Reply

Your email address will not be published. Required fields are marked *