ਟੋਕੀਓ ਉਲੰਪਿਕਸ ਲਈ ਪੰਜਾਬ ਪੱਬਾਂ ਭਾਰ, ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਨੂੰ ਨੌਕਰੀਆਂ ਸਣੇ ਮਿਲੇਗੀ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ

ਚੰਡੀਗੜ੍ਹ, 15 ਜਨਵਰੀ (ਸ.ਬ.) ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਉਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਲਈ ਵੱਧ ਤੋਂ ਵੱਧ ਉਲੰਪਿਕ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਖੇਡ ਵਿਭਾਗ ਦੀ ਅਗਵਾਈ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ.) ਅਤੇ ਹੋਰ ਸਬੰਧਤ ਸੰਸਥਾਵਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਾਡਾ ਟੀਚਾ ਪੰਜਾਬ ਤੋਂ ਵੱਧ ਤੋਂ ਵੱਧ ਉਲੰਪਿਕ ਤਮਗਾ ਜੇਤੂ ਕੱਢਣਾ ਹੈ ਅਤੇ ਸਾਨੂੰ ਸਭ ਤੋਂ ਵੱਧ ਆਸਾਂ ਹਾਕੀ ਤੋਂ ਹਨ ਕਿਉਂਕਿ ਭਾਰਤੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਨਾਲ ਸਬੰਧਤ ਚੁਣੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਬੰਗਲੌਰ ਵਿੱਚ ਲੱਗੇ ਤਿਆਰੀ ਕੈਂਪ ਵਿੱਚ ਕੁੱਲ 33 ਵਿੱਚੋਂ 17 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਖਿਡਾਰੀਆਂ ਦੇ ਟੀਮ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਲੜਕੀਆਂ ਦੀ ਹਾਕੀ ਟੀਮ ਵਿੱਚ ਇਸ ਸਮੇਂ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਹੈ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਖੇ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ।

ਇਸ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਖਿਡਾਰੀਆਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਨ ਦੇ ਅੱਜ ਪਹਿਲੇ ਪੜਾਅ ਦੀ ਸ਼ੁਰੂਆਤ ਨਾਲ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਵੱਡੇ ਮਾਅਰਕੇ ਮਾਰਨ ਵਾਲੇ ਖਿਡਾਰੀਆਂ ਦੇ ਸਨਮਾਨ ਦਾ ਵਾਅਦਾ ਪੂਰਾ ਹੋਇਆ ਹੈ। ਆਗਾਮੀ ਦਿਨਾਂ ਵਿੱਚ ਅਜਿਹੇ 1135 ਖਿਡਾਰੀਆਂ ਨੂੰ ਨਗਦ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਖਿਡਾਰੀਆਂ ਦੇ ਸਨਮਾਨ ਵਿੱਚ ਪਹਿਲਾ ਹੀ ਕਾਫੀ ਦੇਰ ਹੋ ਚੁੱਕੀ ਹੈ। ਖੇਡ ਮੰਤਰੀ ਨੇ ਕਿਹਾ ਕਿ ਅੱਜ ਜਿਹੜੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਹ ਸਾਲ 2017-18 ਦੌਰਾਨ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰ ਉਤੇ ਨਾਮਣਾ ਖੱਟ ਚੁੱਕੇ ਹਨ।

ਨਵੀਂ ਖੇਡ ਨੀਤੀ ਦੇ ਕੌਮਾਂਤਰੀ ਪਿੜ ਲਈ ਖਿਡਾਰੀਆਂ ਦੀ ਤਿਆਰੀ ਵਿੱਚ ਮਦਦਗਾਰ ਹੋਣ ਦਾ ਦਾਅਵਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੋਚ ਅਤੇ ਹੋਰ ਉਪਕਰਨ ਵਰਗੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਇਨ੍ਹਾਂ ਖਿਡਾਰੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਨੂੰ ਨੌਕਰੀਆਂ ਸਣੇ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।

ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਅਨੁਰਾਗ ਵਰਮਾ ਤੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਡਾ. ਜਗਬੀਰ ਸਿੰਘ ਚੀਮਾ ਅਤੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਪੀ.ਆਈ.ਐਸ. ਡਾਇਰੈਕਟਰ ਗਰੁੱਪ ਕੈਪਟਨ (ਸੇਵਾ-ਮੁਕਤ) ਅਮਰਦੀਪ ਸਿੰਘ, ਸੰਯੁਕਤ ਸਕੱਤਰ ਖੇਡ ਕੌਂਸਲ ਕਰਤਾਰ ਸਿੰਘ ਅਤੇ ਡਿਪਟੀ ਡਾਇਰੈਕਟਰ (ਯੁਵਕ ਸੇਵਾਵਾਂ) ਰੁਪਿੰਦਰ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *