ਟੋਭੇ ਦੀ ਜ਼ਮੀਨ ਉਤੇ ਨਜਾਇਜ਼ ਕਬਜ਼ਾ ਹਟਾਉਣ ਲਈ ਡੀ.ਸੀ. ਦਫ਼ਤਰ ਅੱਗੇ ਧਰਨਾ

ਐਸ.ਏ.ਐਸ.ਨਗਰ ,19 ਦਸੰਬਰ (ਸ.ਬ.) ਜ਼ਿਲ੍ਹਾ ਮੁਹਾਲੀ ਦੇ ਪਿੰਡ ਮੱਕੜਿਆਂ ਵਿਖੇ ਪਿੰਡ ਦੇ ਟੋਭੇ ਨੂੰ ਮਿੱਟੀ ਨਾਲ  ਭਰ ਕੇ ਨਜਾਇਜ਼ ਕਬਜ਼ਾ ਕਰਨ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੋਂ ਪ੍ਰੇਸ਼ਾਨ ਹੋ ਕੇ ਅੱਜ ਸਮੂਹ ਪਿੰਡ ਨਿਵਾਸੀਆਂ ਨੇ ਪੰਚਾਇਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪਿੰਡ ਦੀ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਨਜਾਇਜ਼ ਕਬਜ਼ਾ ਹਟਾਉਣ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ|  ਪ੍ਰੋ. ਮਨਜੀਤ ਸਿੰਘ ਪ੍ਰਧਾਨ ਡੈਮੋਕ੍ਰੇਟਿਕ ਸਵਰਾਜ ਪਾਰਟੀ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਪੁਲੀਸ ਦੀ ਘਟੀਆ ਕਾਰਗੁਜ਼ਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ, ਸਰਪੰਚ ਅਮਰਜੀਤ ਕੌਰ ਸਮੇਤ ਪਿੰਡ ਦੇ ਮੋਹਤਬਰ ਵਿਅਕਤੀਆਂ ਅਵਤਾਰ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਪੰਚ, ਹਰਭਜਨ ਸਿੰਘ ਨੰਬਰਦਾਰ,  ਗੁਰਮੇਲ ਸਿੰਘ, ਲਖਮੀਰ ਸਿੰਘ, ਨਾਗਰ ਸਿੰਘ, ਸੌਦਾਗਰ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬੀਤੇ ਦਿਨ 18 ਦਸੰਬਰ ਨੂੰ ਅੱਠ ਟਰਾਲੀਆਂ ਲੈ ਕੇ ਕੁਝ ਵਿਅਕਤੀਆਂ ਵੱਲੋਂ ਟੋਭਾ ਭਰ ਕੇ ਨਜਾਇਜ਼ ਕਬਜ਼ਾ ਕਰਨਾ ਸ਼ੁਰੁ ਕਰ ਦਿੱਤਾ ਗਿਆ| ਪਿੰਡ ਦੇ ਲੋਕਾਂ ਨੇ ਇਸ ਹੋ  ਰਹੇ ਨਜਾਇਜ਼ ਕਬਜ਼ੇ ਦੀ ਸਬੂਤ ਵਜੋਂ ਮੂਵੀ ਬਣਾਈ ਅਤੇ ਫੋਟੋਆਂ ਵੀ ਖਿੱਚੀਆਂ| ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰਕੇ ਮੌਕੇ ਤੋਂ ਇੱਕ ਟਰਾਲੀ ਵੀ ਪਕੜਾਈ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਕੀਤੇ ਬਗੈਰ ਹੀ ਟਰਾਲੀ ਛੱਡ ਦਿੱਤੀ|
ਉਨ੍ਹਾਂ ਕਿਹਾ ਕਿ ਪਿੰਡ ਦੇ ਟੋਭੇ ਉਪਰ ਹੋਏ ਨਜਾਇਜ਼ ਕਬਜ਼ੇ ਦੀ ਸ਼ਿਕਾਇਤ ਜ਼ਿਲ੍ਹਾ ਵਿਕਾਸ  ਅਤੇ ਪੰਚਾਇਤ ਅਫ਼ਸਰ ਮੁਹਾਲੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਮੌਕੇ ਉਤੇ ਪੁਲਿਸ ਚੌਂਕੀ ਮਜਾਤ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ ਸੀ| ਪ੍ਰੰਤੂ ਮਜਾਤ ਪੁਲਿਸ ਚੌਂਕੀ ਇੰਚਾਰਜ ਨੇ ਕਬਜ਼ਾਕਾਰੀਆਂ ਨਾਲ ਦੋਸਤਾਨਾ ਨਿਭਾਉਂਦਿਆਂ ਹੋਇਆਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਕਬਜ਼ਾਕਾਰ ਸ਼ਰੇਆਮ ਕਬਜ਼ਾ ਕਰਨ ਵਿੱਚ ਜੁਟੇ ਰਹੇ|
ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਪਿੰਡ ਮੱਕੜਿਆਂ ਸਥਿਤ ਟੋਭੇ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਤੁਰੰਤ  ਛੁਡਾਇਆ ਜਾਵੇ ਅਤੇ ਮਜਾਤ ਪੁਲਿਸ ਚੌਂਕੀ ਦੇ ਇੰਚਾਰਜ ਦੀ ਤੁਰੰਤ ਬਦਲੀ ਕਰਕੇ ਉਸ ਖਿਲਾਫ਼  ਵਿਭਾਗੀ ਕਾਰਵਾਈ ਕੀਤੀ ਜਾਵੇ|
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਲੋਕਹਿਤ ਵਿੱਚ ਕਬਜ਼ਾਕਾਰੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਟੋਭੇ ਤੋਂ ਨਜਾਇਜ਼ ਕਬਜ਼ਾ ਖਾਲੀ ਨਾ ਕਰਵਾਇਆ ਗਿਆ ਤਾਂ ਮਜ਼ਬੂਰ ਹੋ ਕੇ ਉਹ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ|
ਇਸ ਮੌਕੇ ਹਰਬੰਸ ਸਿੰਘ ਢੋਲੇਵਾਰ ਜਨਰਲ ਸਕੱਤਰ ਡੈਮੋਕ੍ਰੇਟਿਕ ਸਵਰਾਜ ਪਾਰਟੀ, ਪ੍ਰੀਤਮ ਸਿੰਘ ਗਿੱਲ ਖਜ਼ਾਨਚੀ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਜਸਪਾਲ ਸਿੰਘ ਰਾਏਪੁਰ, ਬਲਵਿੰਦਰ ਕੌਰ ਸਰਪੰਚ, ਬਹਾਦਰ ਸਿੰਘ ਪੰਚ ਬਲੌਂਗੀ, ਅਜਾਇਬ ਸਿੰਘ ਪੰਚ ਬਾਕਰਪੁਰ, ਰੇਸ਼ਮ ਸਿੰਘ ਪ੍ਰਧਾਨ ਬਹੁਜਨ ਸਮਾਜ ਮੋਰਚਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *