ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਸੰਸਥਾਪਕ ਦਾ ਦਿਹਾਂਤ

ਟੋਰਾਂਟੋ, 2 ਜਨਵਰੀ (ਸ.ਬ.) ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਸੰਸਥਾਪਕ ਵਿਲੀਅਮ ਮਾਰਸ਼ਲ ਦਾ 77 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ| ਮਾਰਸ਼ਲ ਨੂੰ ਕੈਨੇਡੀਅਨ ਫਿਲਮ ਇੰਡਸਟਰੀ ਦਾ ਜਨਮ-ਦਾਤਾ ਮੰਨਿਆ ਜਾਂਦਾ ਹੈ| ਉਨ੍ਹਾਂ ਦਾ ਦਿਹਾਂਤ ਨਵੇਂ ਸਾਲ ਵਾਲੇ ਦਿਨ ਟੋਰਾਂਟੋ ਦੇ ਹਸਪਤਾਲ ਵਿਖੇ ਹੋਇਆ| ਮਾਰਸ਼ਲ ਦੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਇਮਾਨਦਾਰ ਅਤੇ ਨੇਕਦਿਲ ਵਿਅਕਤੀ ਸਨ| ਮਾਰਸ਼ਲ 1955 ਵਿਚ ਗਲਾਸਗੋ, ਸਕਾਟਲੈਂਡ ਤੋਂ ਕੈਨੇਡਾ ਆਏ ਸਨ| 1976 ਵਿਚ ਉਨ੍ਹਾਂ ਨੇ ਆਪਣੇ ਸਹਿ-ਸੰਸਥਾਪਕਾਂ ਹੈਂਕ ਵੈਨ ਡੇਰ ਕੋਲਕ ਅਤੇ ਡਸਟੀ ਕੋਹੀ ਨਾਲ ਮਿਲ ਕੇ ਫਿਲਮ ਫੈਸਟੀਵਲ ਦੀ ਸ਼ੁਰੂਆਤ ਕੀਤੀ| ਉਨ੍ਹਾਂ ਨੇ 13 ਫੀਚਰ ਫਿਲਮਾਂ ਅਤੇ ਸੈਂਕੜੇ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕੀਤਾ| ਛੋਟੇ ਜਿਹੇ ਪੱਧਰ ਤੋਂ ਸ਼ੁਰੂ ਹੋਇਆ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਅੱਜ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ| ਮਾਰਸ਼ਲ ਦੀ ਮੌਤ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੈਨੇਡਾ, ਅਮਰੀਕਾ ਦੀਆਂ ਫਿਲਮ ਇੰਡਸਟਰੀ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ|

Leave a Reply

Your email address will not be published. Required fields are marked *