ਟ੍ਰਾਈਸਿਟੀ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਭਾਰਤ ਬੰਦ, ਪੂਰੀ ਤਰ੍ਹਾਂ ਬੰਦ ਰਹੇ ਬਾਜਾਰ, ਬੰਦ ਸਮਰਥਕਾਂ ਨੇ ਵੱਖ ਵੱਖ ਥਾਵਾਂ ਤੇ ਲਾਇਆ ਜਾਮ ਸਮਾਜ ਦੇ ਸਾਰੇ ਵਰਗਾਂ ਨੇ ਆਪ ਮੁਹਾਰੇ ਦਿੱਤਾ ਭਾਰਤ ਬੰਦ ਨੂੰ ਸਮਰਥਨ, ਏਅਰਪੋਰਟ ਰੋਡ, ਲਾਂਡਰਾ, ਖਰੜ, ਘੜੂੰਆਂ, ਜੀਰਕਪੁਰ, ਲਾਲੜੂ ਸਮੇਤ ਕਈ ਥਾਵਾਂ ਤੇ ਹੋਇਆ ਚੱਕਾ ਜਾਮ


ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ                     ਜੱਥੇਬੰਦੀਆਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਚੰਡੀਗੜ੍ਹ, ਮੁਹਾਲੀ, ਖਰੜ, ਜੀਰਕਪੁਰ, ਲਾਲੜੂ ਵਿਖੇ ਪੂਰਾ ਸਮਰਥਨ ਮਿਲਿਆ ਹੈ| ਇਸ ਦੌਰਾਨ ਸਾਰੇ ਹੀ ਸ਼ਹਿਰਾਂ ਵਿੱਚ ਬਾਜਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ| 
ਇਸ ਦੌਰਾਨ ਬੰਦ ਦੇ ਸਮਰਥਕਾਂ ਵਲੋਂ ਵੱਖ ਥਾਵਾਂ ਤੇ ਟ੍ਰਾਲੀਆਂ ਅਤੇ ਹੋਰ ਰੋਕਾਂ ਖੜ੍ਹੀਆਂ ਕਰਕੇ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ| ਮੁਹਾਲੀ ਵਿੱਚ ਮੁੱਖ ਤੌਰ ਤੇ ਏਅਰਪੋਰਟ ਰੋਡ ਤੇ ਸੈਕਟਰ 82 ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਮ੍ਹਣੇ ਬੰਦ ਦੇ ਸਮਰਥਕਾਂ ਵਲੋਂ ਚੱਕਾ ਜਾਮ ਕੀਤਾ ਗਿਆ| ਇਸੇ ਤਰ੍ਹਾਂ ਲਾਂਡਰਾਂ, ਖਰੜ, ਘੜੂੰਆਂ, ਜੀਰਕਪੁਰ, ਲਾਲੜੂ ਸਮੇਤ ਵੱਖ ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਗਿਆ ਅਤੇ ਆਵਾਜਾਈ ਠੱਪ ਰੱਖੀ ਗਈ| ਹਾਲਾਂਕਿ ਇਸ ਦੌਰਾਨ ਐਂਬੂਲੈਂਸਾਂ ਅਤੇ ਬਿਮਾਰ ਲੋਕਾਂ ਨੂੰ ਜਾਣ ਦੀ ਇਜਾਜਤ ਦਿੱਤੀ ਗਈ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਬੰਦ ਕੀਤਾ ਗਿਆ| 
ਮੁਹਾਲੀ ਵਿੱਚ ਵਪਾਰ ਮੰਡਲ ਵਲੋਂ ਬੀਤੇ ਕੱਲ ਹੀ ਬੰਦ ਨੂੰ ਪੂਰਾ ਸਮਰਥਨ             ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਕਰਕੇ ਰੱਖੀਆਂ| ਇਸ ਦੌਰਾਨ ਸਵੇਰ ਵੇਲੇ ਕੁੱਝ ਥਾਵਾਂ ਤੇ ਇੱਕਾ ਦੁੱਕਾ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਗਈਆਂ ਸਨ ਪਰੰਤੂ ਫਿਰ ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ| ਇਸ ਦੌਰਾਨ ਪੂਰੇ ਖੇਤਰ ਵਿੱਚ ਪੈਟਰੋਲ ਪੰਪ ਵੀ ਪੂਰੀ ਤਰ੍ਹਾਂ ਬੰਦ ਰਹੇ| ਮੁਹਾਲੀ ਵਿੱਚ ਦਫਤਰੀ ਬਾਬੂਆਂ ਨੇ ਵੀ ਵੱਖ-ਵੱਖ ਢੰਗਾਂ ਨਾਲ ਭਾਰਤ ਬੰਦ ਦੀ ਹਮਾਇਤ ਕੀਤੀ| ਰਿਹਾਇਸ਼ੀ ਖੇਤਰਾਂ ਦੀਆਂ                 ਘਰੇਲੂ ਦੁਕਾਨਾਂ ਵੀ ਅੱਜ ਬੰਦ ਰਹੀਆਂ| ਮੁਹਾਲੀ ਵਿੱਚ ਖਬਰਾਂ ਲਿਖੇ ਜਾਣ ਤੱਕ ਭਾਰਤ ਬੰਦ ਅਮਨ ਅਮਾਨ ਨਾਲ ਚੱਲ ਰਿਹਾ ਸੀ| 
ਇਸ ਦੌਰਾਨ ਡਿਪਲਾਸਟ ਚੌਂਕ ਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਡਿਪਲਾਸਟ ਚੌਂਕ ਤੋਂ ਮਦਨਪੁਰ ਚੌਂਕ ਤਕ ਰੈਲੀ ਕੱਢੀ ਗਈ| ਬਿਜਲੀ ਬੋਰਡ ਵਿਖੇ ਬਿਜਲੀ ਕਾਮਿਆਂ ਅਤੇ ਰਿਟਾਇਰਡ ਕਰਮਚਾਰੀਆਂ ਵਲੋਂ ਗੇਟ ਰੈਲੀ ਕਰਕੇ ਕਿਸਾਨਾਂ ਪ੍ਰਤੀ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ ਗਿਆ| ਪਿੰਡ ਮਟੌਰ ਅਤੇ ਸੈਕਟਰ 71 ਵਿੱਚ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ| 
ਇਸ ਦੌਰਾਨ ਲਾਂਡਰਾ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸ੍ਰ. ਦੀਪਇੰਦਰ ਸਿੰਘ ਢਿੱਲੋ ਦੀ ਅਗਵਾਈ ਵਿੱਚ ਬੰਦ ਦੇ ਸਮਰਥਕਾਂ ਅਤੇ ਕਾਂਗਰਸੀ ਆਗੂਆਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਖੇਤੀ ਬਿਲ ਰੱਦ ਕਰਨ ਦੀ ਮੰਗ ਕੀਤੀ ਗਈ|
ਇਸ ਦੌਰਾਨ ਜਿਲ੍ਹਾ ਬਾਰ                 ਐਸੋਸੀਏਸ਼ਨ ਮੁਹਾਲੀ ਵੱਲੋਂ ਅਦਾਲਤੀ ਕੰਮ ਬੰਦ ਕਰ ਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇ ਕੇ ਰੋਸ ਮੁਜਾਹਰਾ ਕੀਤਾ ਗਿਆ| ਇਸ ਮੌਕੇ ਸਮੂਹ ਵਕੀਲਾਂ ਵੱਲੋਂ ਪੈਦਲ ਮਾਰਚ ਕਰ ਕੇ ਜੁਡੀਸ਼ੀਅਲ ਕੋਰਟ ਚੌਂਕ ਵਿਚ ਧਰਨਾ ਦੇ ਕੇ ਟਰੈਫਿਕ ਜਾਮ ਵੀ ਕੀਤਾ ਗਿਆ| 
ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਰੋਸ ਮੁਜਾਹਰੇ ਵਿਚ ਵਕੀਲਾਂ ਦੇ ਨਾਲ ਸਮਾਜਿਕ ਕਾਰਕੁੰਨਾਂ ਅਤੇ ਬੁਧੀਜੀਵੀਆਂ ਨੇ ਵੀ ਭਾਗ ਲਿਆ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਵਿੱਰੁਧ ਅਵਾਜ ਬੁਲੰਦ ਕੀਤੀ| ਇਸ ਮੌਕੇ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸੰਜੀਵ ਮੈਣੀ, ਤੋਂ ਇਲਾਵਾ ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਜਸਪਾਲ ਸਿੰਘ ਦਿਓਲ, ਕਾਂਗਰਸ ਨੇਤਾ ਅਵਤਾਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਬੁਲਾਰੇ ਗੋਬਿੰਦਰ ਮਿੱਤਲ ਨੇ ਵੀ ਸੰਬੋਧਨ ਕੀਤਾ| 
ਇਸ ਮੌਕੇ ਕੁਲਦੀਪ ਸਿੰਘ ਰਠੌੜ, ਕਨਵਰ ਜੋਰਾਵਰ ਸਿੰਘ, ਗਗਨਦੀਪ ਸਿੰਘ, ਨੀਰੂ ਥਰੇਜਾ, ਸੁਸ਼ੀਲ ਅੱਤਰੀ, ਗੁਰਦੀਪ ਸਿੰਘ, ਬਲਜਿੰਦਰ ਸਿੰਘ ਸੈਣੀਂ, ਨਰਿੰਦਰ ਸਿੰਘ ਰੰਗੀ, ਸਨੇਹ ਪ੍ਰੀਤ ਸਿੰਘ, ਰਜੇਸ਼ ਗੁਪਤਾ, ਸੰਦੀਪ ਸਿੰਘ ਲੱਖਾ, ਅਮਰਜੀਤ ਸਿੰਘ ਰੁਪਾਲ, ਹਰਜਿੰਦਰ ਸਿੰਘ ਬੈਦਵਾਣ, ਅਮਨਦੀਪ ਕੌਰ ਸੋਹੀ, ਗੁਰਬੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਮੋਹਿਤ ਵਰਮਾ, ਅਕਸ਼ ਚੇਤਲ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਖਟੜਾ, ਗੁਰਮੀਤ ਸਿੰਘ ਕੋਰੇ, ਹਰਵਿੰਦਰ ਸੈਣੀਂ, ਮਨਦੀਪ ਸਿੰਘ, ਸਰਤਾਜ ਸਿੱਧੂ, ਪੁਸ਼ਪਿੰਦਰ ਸਿੰਘ ਨੱਤ, ਪੀ ਐਸ ਗਰੇਵਾਲ, ਦਰਸ਼ਨ ਸਿੰਘ ਰਠੌੜ, ਮਹਾਂਵੀਰ ਸਿੰਘ, ਹਰਬੰਸ ਸਿੰਘ, ਸੁਖਜੀਤ ਰੰਧਾਵਾ, ਤਜਿੰਦਰ ਸਿੰਘ ਸਿੱਧੂ, ਗੁਤੇਜ ਸਿੰਘ ਪ੍ਰਿੰਸ ਅਤੇ ਹਰਭਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਕੀਲ ਹਾਜਿਰ ਸਨ| 
ਮੁਹਾਲੀ ਰੇਹੜੀ-ਫੜ੍ਹੀ ਅਤੇ ਸਮਾਜ ਸੇਵਾ ਦਲ ਵੱਲੋਂ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਪੂਰਨ ਰੂਪ ਵਿੱਚ ਬੰਦ ਕਰਕੇ ਸੈਕਟਰ 70 ਦੇ ਚੌਂਕ ਵਿੱਚ ਧਰਨਾ ਲਗਾਇਆ ਗਿਆ|  ਮੁਹਾਲੀ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਸ੍ਰੀ ਬਿਜੇ ਕੁਮਾਰ ਬਿੱਟੂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਰੇਹੜੀ ਫੜੀ ਐਸੋਸੀਏਸ਼ਨ ਵੱਲੋਂ ਸੈਕਟਰ 70 ਵਿੱਚ ਧਰਨਾ ਲਗਾਇਆ ਗਿਆ ਹੈ ਜਿਸ ਵਿੱਚ ਸਮਾਜ ਸੇਵਾ ਦਲ ਦੇ ਮੈਂਬਰਾਂ ਵੱਲੋਂ ਪੂਰਨ ਰੂਪ ਵਿਚ ਸਹਿਯੋਗ ਦਿੱਤਾ ਗਿਆ ਹੈ| ਇਸ ਮੌਕੇ ਇਥੇ ਪਹੁੰਚੇ ਸਮਾਜ ਸੇਵਾ ਦਲ ਦੇ ਪ੍ਰਧਾਨ ਸ੍ਰੀ ਜੱਬੂ ਸਿੰਘ ਨੇ ਵੀ ਹਾਜਰੀ ਲਗਵਾਈ|
ਕਿਸਾਨ ਜੱਥੇਬੰਦੀਆਂ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੂੰ ਜਿਲ੍ਹਾ ਮੁਹਾਲੀ ਵਿੱਚ ਭਰਵਾਂ ਹੁੰਗਾਰਾ ਮਿਲਿਆ| ਅੱਜ ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਭਾਰਤ ਬੰਦ ਨੂੰ ਸਫਲ ਬਣਾਇਆ|  ਘੰੜੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਔਰਤਾਂ ਨੇ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ| ਇਸ ਦੌਰਾਨ ਧਰਨਾਕਾਰੀਆਂ ਨੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਅਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ| 
ਖਰੜ ਵਿਖੇ ਮੁੱਖ ਬੱਸ ਸਟੇਂਡ ਨੇੜੇ ਕਿਸਾਨਾਂ ਵਲੋਂ ਚੱਕਾ ਜਾਮ ਕਰਕੇ              ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸਰਕਾਰ ਤੋਂ ਭੀਖ ਨਹੀਂ ਮੰਗ ਰਹੇ ਬਲਕਿ ਆਪਣਾਂ ਹੱਕ ਮੰਗ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਖੇਤੀ ਬਿਲ ਵਾਪਸ ਲੈਣੇ ਹੀ ਪੈਣੇ ਹਨ| ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਇਹਨਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਵਾ ਕੇ ਹੀ ਖਤਮ ਹੋਵੇਗਾ ਅਤੇ ਜੇਕਰ ਲੋੜ ਪਈ ਤਾਂ ਪੰਜਾਬ ਦਾ ਬੱਚਾ ਬੱਚਾ ਇਸ ਮੋਰਚੇ ਵਿੱਚ ਸ਼ਾਮਿਲ ਹੋਵੇਗਾ|  ਇਸ ਦੌਰਾਨ ਛੱਜੂ ਮਾਜਰਾ ਵਿਖੇ ਗੁਰਦੁਆਰਾ ਸਾਹਿਬ ਦੇ ਚੌਂਕ ਤੇ ਪਿੰਡ ਛੱਜੂਮਾਜਰਾ ਦੇ ਵਸਨੀਕਾਂ ਵਲੋਂ ਚੱਕਾ ਜਾਮ ਕੀਤਾ ਗਿਆ|
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਨੇ ਕਾਲੇ ਕਾਨੂੰਨਾਂ ਖਿਲਾਫ ਚੰਡੀਗੜ੍ਹ 17 ਸੈਕਟਰ ਵਿਖੇ  ਧਰਨਿਆਂ ਵਿੱਚ ਸ਼ਿਰਕਤ ਕੀਤੀ| ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ          ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਸ਼ਿਆਮ ਨਾਡਾ, ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਸੰਤ ਸਿੰਘ ਕੁਰੜੀ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਸਤਪਾਲ ਸਿੰਘ ਸਵਾੜਾ, ਦਲਜੀਤ ਸਿੰਘ ਮਨਾਣਾ, ਭਗਤ ਸਿੰਘ ਕੰਸਾਲਾ, ਹਰਜੰਗ ਸਿੰਘ, ਜਸਵੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ, ਨਰਿੰਦਰ ਸਿੰਘ ਸਿਆਊ, ਮਨਜੀਤ ਸਿੰਘ ਹੁਲਕਾ, ਸੁਰਿੰਦਰ ਸਿੰਘ ਬਰਿਆਲੀ, ਸਾਹਿਬ ਸਿੰਘ ਮੋਲੀ, ਸ਼ਿਆਮ ਲਾਲ ਝੂਰਹੇੜੀ, ਅਜਾਇਬ ਨਾਡਾ, ਹਰਦੀਪ ਸਿੰਘ ਮਟੌਰ, ਜਗਤਾਰ ਸਿੰਘ, ਪ੍ਰੇਮ ਸਿੰਘ ਬੁੜੈਲ ਅਤੇ ਗੋਲਡੀ ਮਹਿਦੂਦਾ ਹਾਜ਼ਿਰ ਸਨ|
ਲਾਲੜੂ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਆਈ. ਟੀ.ਆਈ.  ਚੌਂਕ ਹਾਈਵੇਅ ਤੇ ਮੋਦੀ ਸਰਕਾਰ ਖਿਲਾਫ ਜਾਮ ਲਗਾਇਆ ਗਿਆ| ਜਿਸ ਵਿੱਚ ਵਿਨੋਦ ਚੁੱਘ ਮੀਤ ਪ੍ਰਧਾਨ ਪੰਜਾਬ ਏਟਕ ਦੀ ਅਗਵਾਈ ਵਿੱਚ ਵੱਡੀ  ਗਿਣਤੀ  ਵਿੱਚ  ਕੀਰਤੀਆਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦਿਆਂ ਸੰਪੂਰਨ ਸਮਰਥਨ ਕੀਤਾ| ਇਸ ਤੋਂ ਇਲਾਵਾ ਮਾਈ ਭਾਗੋ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭੂਪਿੰਦਰ ਸਿੰਘ ਜੰਡਲੀ, ਅਸ਼ਵਨੀ ਮਨਹਾਸ ਲਾਲੜੂ ਅਤੇ ਬਲਕਾਰ ਸਿੰਘ ਬਟੋਲੀ ਨੇ ਸ਼ਾਮਿਲ ਹੋ ਕੇ ਸਮਰਥਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਪੂਰਜੋਰ ਮੰਗ ਕੀਤੀ ਕਿ ਕਿਸਾਨ  ਮਜਦੂਰ ਮੁਲਾਜਮ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਰੱਦ ਕੀਤੇ ਜਾਣ|

Leave a Reply

Your email address will not be published. Required fields are marked *