ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇ ਸਖਤ ਕਾਰਵਾਈ

ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਆਪਣੀ ਕਹਾਣੀ ਆਪ ਕਹਿੰਦੀ ਹੈ ਅਤੇ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਨੂੰ ਵੇਖ ਕੇ ਕਈ ਵਾਰ ਤਾਂ ਅਜਿਹਾ ਲੱਗਦਾ ਹੈ  ਜਿਵੇਂ ਅਸੀਂ ਪੰਜਾਬ ਦੇ ਕਿਸੇ ਅਜਿਹੇ ਪੁਰਾਣੇ ਸ਼ਹਿਰ ਵਿੱਚ ਪਹੁੰਚ ਗਏ ਹੋਈਏ ਜਿੱਥੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਅਤੇ ਸੜਕਾਂ ਤੇ ਲਗਣ ਵਾਲੇ ਜਾਮ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੇ ਹਨ| ਟੈਫਿਕ ਜਾਮ ਦੀ ਇਹ ਬਦਹਾਲੀ ਸ਼ਹਿਰਵਾਸੀ ਨੂੰ ਵੀ ਬੁਰੀ ਤਰ੍ਹਾਂ ਪਰੇਸ਼ਾਨ ਕਰਦੀ ਹੈ ਅਤੇ ਉਹ ਇਸਦੀ ਆਮ ਸ਼ਿਕਾਇਤ ਵੀ ਕਰਦੇ ਹਨ| ਇਹ ਗੱਲ ਹੋਰ ਹੈ ਕਿ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਵਿੱਚ ਸੁਧਾਰ ਕਰਨ ਦੀ ਮੰਗ ਕਰਨ ਵਾਲੇ ਸਾਡੇ ਸ਼ਹਿਰ ਦੇ ਵਸਨੀਕ ਖੁਦ ਹੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਈ ਸਭ ਤੋਂ ਜਿਆਦਾ ਜਿੰਮੇਵਾਰ ਹਨ| ਸ਼ਹਿਰ ਵਾਸੀਆਂ ਦੀ ਖੁਦ ਦੀ ਹਾਲਤ ਇਹ ਹੈ ਕਿ  ਉਹਨਾਂ ਨੂੰ ਖੁਦ ਵਲੋਂ ਕੀਤੀ ਜਾਂਦੀ  ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਜਰ ਨਹੀਂ ਆਉਂਦੀ ਅਤੇ ਉਹ ਮਜਬੂਰੀ ਵਿੱਚ (ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੂੰ ਵੇਖ ਕੇ) ਹੀ ਟ੍ਰੈਫਿਕ ਨਿਯਮਾਂ ਦੀ ਥੋੜ੍ਹੀ ਬਹੁਤ ਪਾਲਣਾ ਕਰਦੇ ਹਨ|
ਸ਼ਹਿਰ ਦੀਆਂ ਸੜਕਾਂ ਤੇ ਜਿਸ ਪਾਸੇ ਵੀ ਨਜਰ ਮਾਰੋ, ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦਿਖਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ| ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸਭ ਤੋਂ ਵੱਧ ਯੋਗਦਾਨ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਪਾਇਆ ਜਾਂਦਾ ਹੈ ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾਂਦੀ ਹੈ| ਸੜਕ ਤੇ ਚਲਦੇ ਚਲਦੇ ਕੋਈ ਆਟੋ ਚਾਲਕ ਕਦੋਂ ਅਚਾਨਕ ਸੜਕ ਦੇ ਵਿਚਕਾਰ ਆਪਣੇ ਵਾਹਨ ਨੂੰ ਬ੍ਰੇਕ ਲਗਾ ਦੇਵੇਗਾ ਇਸਦਾ ਅੰਦਾਜਾ ਕੋਈ ਨਹੀਂ ਲਗਾ ਸਕਦਾ| ਇੱਥੇ ਹੀ ਬਸ ਨਹੀਂ ਬਲਕਿ ਇਹ ਆਟੋ ਰਿਕਸ਼ਾ ਚਾਲਕ ਆਪਣੇ ਵਾਹਨ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਇਹਨਾਂ ਕਾਰਨ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ|
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਅਜਿਹੇ ਦੋਪਹੀਆ ਵਾਹਨ ਚਾਲਕ ਵੀ ਆਪਣਾ ਭਰਪੂਰ ਯੋਗਦਾਨ ਦਿੰਦੇ ਹਨ ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਣੀ ਹੈ| ਸੜਕਾਂ ਤੇ ਸਕੂਟਰਾਂ ਮੋਟਰ-ਸਾਈਕਲਾਂ ਤੇ ਤਿੰਨ ਤਿੰਨ ਦੀ ਗਿਣਤੀ ਵਿੱਚ ਚੜ੍ਹੇ ਅਜਿਹੇ ਨੌਜਵਾਨਾਂ ਦੇ ਟੋਲੇ ਆਮ ਨਜਰ ਆ ਜਾਂਦੇ ਹਨ ਜਿਹੜੇ ਨਾ ਤਾਂ ਹੈਲਮੇਟ ਪਾਉਂਦੇ ਹਨ ਅਤੇ ਨਾ ਹੀ ਉਹਨਾਂ ਨੂੰ ਲਾਲ ਬੱਤੀ ਦੀ ਕੋਈ ਪਰਵਾਹ ਹੁੰਦੀ ਹੈ| ਟ੍ਰੈਫਿਕ ਲਾਈਟਾਂ ਤੇ ਵਾਪਰਨ ਵਾਲੇ ਜਿਆਦਾਤਰ ਹਾਦਸੇ ਅਕਸਰ ਅਜਿਹੇ ਦੋਪਹੀਆ ਚਾਲਕਾਂ ਦੀਆਂ ਆਪਹੁਦਰੀਆਂ ਕਾਰਨ ਹੀ ਵਾਪਰਦੇ ਹਨ| ਜਿਹਨਾਂ ਥਾਵਾਂ ਤੇ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਮੌਜੂਦ ਹੁੰਦੇ ਹਨ, ਉੱਥੋਂ ਜਾਂ ਤਾਂ ਇਹ ਲੰਘਦੇ ਹੀ ਨਹੀਂ ਹਨ ਅਤੇ ਜੇਕਰ ਮਜਬੂਰੀ ਵਿੱਚ ਲੰਘਣਾ ਪਵੇ ਤਾਂ ਇਹ ਤੀਜੀ ਸਵਾਰੀ ਨੂੰ ਥੋੜ੍ਹਾ ਪਹਿਲਾਂ ਹੀ ਉਤਾਰ ਦਿੰਦੇ ਹਨ ਅਤੇ ਥੋੜ੍ਹਾ ਅੱਗੇ ਜਾ ਕੇ ਉਹ ਆਪਣੇ ਸਾਥੀ ਨੂੰ ਮੁੜ ਬਿਠਾ ਕੇ ਸ਼ਹਿਰ ਦੀਆਂ ਸੜਕਾਂ ਤੇ ਖਰਮਸਤੀਆਂ ਕਰਦੇ ਰਹਿੰਦੇ ਹਨ| 
ਇਸੇ ਤਰ੍ਹਾਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹਾਉਣ ਦੀ ਆਮ ਲੋਕਾਂ ਦੀ ਕਾਰਵਾਈ ਵੀ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਇੱਕ ਵੱਡਾ ਕਾਰਨ ਹੈ| ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਤੇ ਲੋਕਾਂ ਵਲੋਂ ਖੜ੍ਹਾਈਆਂ ਜਾਂਦੀਆਂ ਗੱਡੀਆਂ ਅਤੇ ਸੜਕ ਦੇ ਕਿਨਾਰੇ ਅਣਅਧਿਕਾਰਤ ਤੌਰ ਤੇ ਲੱਗਣ ਵਾਲੀਆਂ ਰੇਹੜੀਆਂ (ਜਿਹਨਾਂ ਤੇ ਖਰੀਦਦਾਰੀ ਕਰਨ ਲਈ ਲੋਕ ਸੜਕ ਤੇ ਹੀ ਵਾਹਨ ਖੜ੍ਹਾ ਕੇ ਸਾਮਾਨ ਖਰੀਦਣ ਲੱਗ ਜਾਂਦੇ ਹਨ) ਤੇ ਵੀ ਟ੍ਰੈਫਿਕ ਪੁਲੀਸ ਦਾ ਕੋਈ ਕਾਬੂ ਨਹੀਂ ਹੈ ਅਤੇ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| 
ਆਮ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਵੱਡੇ ਪੱਧਰ ਤੇ ਕੀਤੀ ਜਾਣ ਵਾਲੀ ਉਲੰਘਣਾ ਦੀ ਇਸ ਕਾਰਵਾਈ ਲਈ ਟ੍ਰੈਫਿਕ ਪੁਲੀਸ ਦੀ ਸੁਸਤੀ ਨੂੰ ਵੀ ਕਾਫੀ ਹੱਦ ਤੱਕ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਸ ਵਲੋਂ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਨਹੀਂ ਲਿਆਈ ਜਾਂਦੀ ਜਦੋਂਕਿ ਟ੍ਰੈਫਿਕ ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਸਖਤ ਕਾਰਵਾਈ ਕਰੇ| ਜਿਲ੍ਹਾ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਨਜਰਸ਼ਾਨੀ ਕਰਨ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੇ ਕਾਬੂ ਪਾਇਆ ਜਾ ਸਕੇ| 

Leave a Reply

Your email address will not be published. Required fields are marked *