ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਚਾਲਕਾਂ ਤੇ ਹੋਵੇਗੀ ਕਾਰਵਾਈ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਚਾਲਕਾਂ ਤੇ ਹੋਵੇਗੀ  ਕਾਰਵਾਈ
ਡੀ. ਐਸ. ਪੀ ਨੇ ਟ੍ਰੈਫਿਕ ਇੰਚਾਰਜਾਂ ਨੂੰ ਤੁਰੰਤ ਕਾਰਵਾਈ ਦੀਆਂ ਹਿਦਾਇਤਾਂ ਦਿੱਤੀਆਂ, ਵਿਨੀਤ ਵਰਮਾ ਦੀ ਸ਼ਿਕਾਇਤ ਤੇ ਹੋਈ ਕਾਰਵਾਈ
ਐਸ. ਏ. ਐਸ. ਨਗਰ, 12 ਅਪ੍ਰੈਲ (ਸ.ਬ.) ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਆਟੋ ਚਾਲਕਾਂ ਦੇ ਖਿਲਾਫ ਹੁਣ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ| ਇਸ ਸਬੰਧੀ ਡੀ.ਐਸ.ਪੀ. ਟ੍ਰੈਫਿਕ ਸ੍ਰ. ਅਮਰੋਜ ਸਿੰਘ ਵਲੋਂ ਵੱਖ ਵੱਖ ਟ੍ਰੈਫਿਕ ਜੋਨਾਂ ਦੇ ਇੰਚਾਰਜਾਂ ਨੂੰ ਬਕਾਇਦਾ ਲਿਖਤੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ|
ਡੀ.ਐਸ.ਪੀ. ਦਫਤਰ ਵਲੋਂ ਟ੍ਰੈਫਿਕ ਇੰਚਾਰਜਾਂ ਨੂੰ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਚਲਣ ਵਾਲੇ ਆਟੋ ਡ੍ਰਾਈਵਰਾਂ ਵਲੋਂ ਆਟੋ ਵਿੱਚ ਉਵਰ ਲੋਡ ਸਵਾਰੀਆਂ ਭਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ| ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਆਟੋ ਚਾਲਕ ਆਮ ਤੌਰ ਤੇ ਬੜੀ ਤੇਜ਼ ਰਫਤਾਰ ਨਾਲ, ਬਿਨਾ ਲਾਈਨ ਤੋਂ ਫੋਨ ਤੇ ਗੱਲਾਂ ਕਰਦੇ ਹੋਏ ਆਟੋ ਚਲਾਉਂਦੇ ਹਨ ਅਤੇ ਸੜਕ ਤੇ ਸਵਾਰੀ ਖੜ੍ਹੀ ਵੇਖ ਕੇ ਸੜਕ ਦੇ ਵਿਚਕਾਰ ਹੀ ਬ੍ਰੇਕ ਲਗਾ ਦਿੰਦੇ ਹਨ| ਅਜਿਹਾ ਕਰਕੇ ਉਹ ਆਪਣੀ ਅਤੇ ਆਟੋ ਵਿੱਚ ਬੈਠੀਆਂ ਸਵਾਰੀਆਂ ਦੀ ਜਾਨ ਲਈ ਤਾਂ ਖਤਰਾ ਪੈਦਾ ਕਰਦੇ ਹੀ ਹਨ, ਦੂਜੇ ਵਾਹਨ ਚਾਲਕਾਂ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਹਨ|
ਪੱਤਰ ਵਿੱਚ ਹਿਦਾਇਤ ਕੀਤੀ ਗਈ ਹੈ ਕਿ ਜਿਹੜੇ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੇ ਚਾਲਾਨ ਕੀਤੇ ਜਾਣ ਤਾਂ ਜੋ ਇਸ ਸੰਬੰਧੀ ਆਮ ਲੋਕਾਂ ਨੂੰ  ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇ|
ਇਹ ਕਾਰਵਾਈ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰ. ਵਿਨੀਤ ਵਰਮਾ ਵਲੋਂ ਬੀਤੇ ਦਿਨੀਂ ਇਸ ਮਾਮਲੇ ਵਿੱਚ ਐਸ. ਐਸ. ਪੀ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਹੋਈ ਹੈ| ਸ੍ਰ. ਵਰਮਾ ਨੇ ਦੱਸਿਆ ਕਿ ਉਹਨਾਂ ਵਲੋਂ ਬੀਤੀ 7 ਮਾਰਚ ਨੂੰ ਐਸ. ਐਸ. ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਐਸ. ਐਸ. ਪੀ ਵਲੋਂ ਡੀ. ਐਸ.ਪੀ. ਟ੍ਰੈਫਿਕ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ|
ਉਹਨਾਂ ਦੱਸਿਆ ਕਿ ਇਸ ਸੰਬਧੀ ਡੀ. ਐਸ. ਪੀ. ਟ੍ਰੈਫਿਕ ਸ੍ਰ. ਅਮਰੋਜ ਸਿੰਘ ਵਲੋਂ ਉਹਨਾਂ ਨੂੰ ਸੱਦਿਆ ਗਿਆ ਸੀ ਜਿਸ ਤੇ ਉਹਨਾਂ ਨੂੰ ਹਾਲਾਤ ਤੋਂ ਜਾਣੂੰ ਕਰਵਾਇਆ ਅਤੇ ਡੀ. ਐਸ. ਪੀ. ਵਲੋਂ ਇਸ ਸੰਬੰਧੀ ਸਮੂਹ ਟ੍ਰੈਫਿਕ ਇੰਚਾਰਜਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *