ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇ ਸਖਤ ਕਾਰਵਾਈ

ਸਾਡੇ ਸ਼ਹਿਰ ਵਿੱਚ ਚਲਦੇ ਵਾਹਨਾਂ ਦੀ ਗਿਣਤੀ ਵਿੱਚ ਹਰ ਸਾਲ ਭਾਰੀ ਵਾਧਾ ਹੋ ਜਾਂਦਾ ਹੈ ਅਤੇ ਇਸਦੇ ਨਾਲ ਹੀ ਸ਼ਹਿਰ ਵਿੱਚ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧਦੀ ਹੀ ਜਾ ਰਹੀ ਹੈ| ਵੱਡੀ ਗਿਣਤੀ ਸੜਕ ਹਾਦਸਿਆ ਦਾ ਕਾਰਨ ਮਨੁੱਖੀ ਗਲਤੀ ਹੀ ਹੁੰਦਾ ਹੈ| ਇਸ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਸੜਕ ਉਪਰ ਆਪਣੇ ਵਾਹਨਾਂ ਰਾਹੀਂ ਕਰਤੱਬ ਦਿਖਾਉਣ ਲੱਗ ਜਾਂਦੇ ਹਨ, ਜਿਸ ਕਰਕੇ ਵੀ ਅਕਸਰ ਹਾਦਸੇ ਵਾਪਰ ਜਾਂਦੇ ਹਨ| ਪਿਛਲੇ ਦਿਨੀਂ ਫੇਜ਼ 3 ਬੀ 2 ਦੀ ਮਾਰਕੀਟ ਵਿਚ ਵੀ ਸ਼ਾਮ ਸਮੇਂ ਕਾਫੀ ਦੇਰ ਤੱਕ ਨੌਜਵਾਨਾਂ ਦੀ ਇੱਕ ਟੋਲੀ ਆਪਣੇ ਦੋਪਹੀਆ ਵਾਹਨਾਂ ਉੱਪਰ ਕਰਤੱਬ ਦਿਖਾਉਂਦੀ ਰਹੀ ਸੀ| ਇਹ ਨੌਜਵਾਨ ਕਦੇ ਮੋਟਰਸਾਈਕਲਾਂ ਦਾ ਅਗਲਾ ਟਾਇਰ ਚੁਕ ਕੇ ਮੋਟਰਸਾਈਕਲ ਚਲਾਉਂਦੇ ਸਨ ਕਦੇ ਕਿਸੇ ਤਰ੍ਹਾਂ ਦਾ ਹੋਰ ਕਰਤਬ ਦਿਖਾਉਂਦੇ ਰਹੇ ਸਨ|
ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਤੇ ਅਜਿਹੇ ਵਾਹਨ ਚਾਲਕ ਆਮ ਦਿਖ ਜਾਂਦੇ ਹਨ ਜਿਹੜੇ ਇਸੇ ਤਰ੍ਹਾਂ ਹੀ ਸੜਕ ਉਪਰ ਆਪਣੇ ਵਾਹਨਾਂ ਨੂੰ ਫੁੱਲ ਸਪੀਡ ਤੇ ਚਲਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਕਰਤਬ ਦਿਖਾਉਂਦੇ ਹਨ| ਕੁੱਝ ਨੌਜਵਾਨ ਤਾਂ ਆਪਣੇ ਮੋਟਰਸਾਈਕਲ ਦੇ ਉਪਰ ਖੜ੍ਹੇ ਹੋ ਕੇ ਉਸ ਨੂੰ ਚਲਾਉਂਦੇ ਹਨ ਅਤੇ ਕਈ ਵਾਰ ਨੌਜਵਾਨਾ ਦੇ ਝੁੰਡ ਆਪਣੇ ਮੋਟਰਸਾਈਕਲਾਂ ਨੂੰ ਟੇਡੇ ਮੇਡੇ ਢੰਗ ਨਾਲ ਚਲਾਉਂਦੇ ਹਨ| ਇਹਨਾਂ ਕਾਰਵਾਈਆਂ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ| ਇਸ ਤੋਂ ਇਲਾਵਾ ਕਈ ਵਾਰ ਨੌਜਵਾਨਾਂ ਨੂੰ ਉਹਨਾਂ ਦੀਆਂ ਕਾਰਾਂ ਜੀਪਾਂ ਨੂੰ ਚਲਾਉਂਦੇ ਸਮੇਂ ਸੜਕ ਉਪਰ ਲਮਕ ਕੇ ਕਈ ਤਰ੍ਹਾਂ ਦੇ ਕਰਤੱਬ ਦਿਖਾਉਂਦੇ ਵੇਖਿਆ ਜਾ ਸਕਦਾ ਹੈ| ਕੁੱਝ ਅਜਿਹੇ ਵਾਹਨ ਚਾਲਕ ਵੀ ਹਨ ਜਿਹੜੇ ਪੂਰੀ ਸਪੀਡ ਨਾਲ ਲਾਲ ਬੱਤੀ ਪਾਰ ਕਰਨ ਦਾ ਯਤਨ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ|
ਇਸਤੋਂ ਇਲਾਵਾ ਅਜਿਹੇ ਵਾਹਨ ਚਾਲਕ ਵੀ ਮੌਜੂਦ ਹਨ ਜਿਹੜੇ ਆਪਣੇ ਤੋਂ ਅੱਗੇ ਜਾ ਰਹੇ ਕਿਸੇ ਵਾਹਨ ਨੂੰ ਉਵਰਟੇਕ ਕਰਨ ਵੇਲੇ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਖੁਦ ਨੂੰ ਮਾਹਿਰ ਡ੍ਰਾਈਵਰ ਸਮਝਦੇ ਹਨ| ਤੇਜ਼ ਰਫਤਾਰ ਨਾਲ ਦੂਜੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਕਈ ਵਾਰ ਅਜਿਹੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹੋਰਨਾਂ ਵਾਹਨ ਚਾਲਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ| ਇੱਥੇ ਹੀ ਬਸ ਨਹੀਂ ਬਲਕਿ ਰਾਸ਼ਟਰੀ ਰਾਜਮਾਰਗਾਂ ਉਪਰ ਵੀ ਕਈ ਵਾਹਨ ਚਾਲਕ ਕਰਤੱਬ ਦਿਖਾਉਣ ਤੋਂ ਬਾਜ ਨਹੀਂ ਆਉਂਦੇ| ਅਜਿਹੇ ਵਾਹਨ ਚਾਲਕ ਖੁਦ ਤਾਂ ਸੱਟਾਂ ਖਾਂਦੇ ਹੀ ਹਨ ਸਗੋਂ ਹੋਰਨਾਂ ਦੇ ਵੀ ਸੱਟਾਂ ਲਗਵਾ ਦਿੰਦੇ ਹਨ| ਵੱਖ ਵੱਖ ਸੜਕਾਂ ਉਪਰ ਕਈ ਵਾਹਨ ਚਾਲਕ ਪੂਰੀ ਸਪੀਡ ਨਾਲ ਵਾਹਨ ਨੂੰ ਚਲਾ ਕੇ ਇੱਕ ਦਮ ਬਰੇਕਾਂ ਲਾ ਦਿੰਦੇ ਹਨ ਜਾਂ ਸੱਜੇ ਪਾਸੇ ਇਸ਼ਾਰਾ ਕਰਕੇ ਖੱਬੇ ਪਾਸੇ ਮੋੜ ਦਿੰਦੇ ਹਨ, ਜਿਸ ਕਾਰਨ ਵੀ ਹਾਦਸੇ ਵਾਪਰ ਜਾਂਦੇ ਹਨ|
ਹਾਲਾਂਕਿ ਟ੍ਰੈਫਿਕ ਪੁਲੀਸ ਵਲੋਂ ਵੱਖ ਵੱਖ ਥਾਵਾਂ ਉੱਪਰ ਟ੍ਰੈਫਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਨਾਕੇ ਲਗਾਏ ਜਾਂਦੇ ਹਨ ਪਰ ਇਹਨਾਂ ਨਾਕਿਆਂ ਉੱਪਰ ਖੜੇ ਪੁਲੀਸ ਮੁਲਾਜਮਾਂ ਦਾ ਧਿਆਨ ਵੀ ਆਮ ਵਾਹਨ ਚਾਲਕਾਂ ਦੇ ਚਲਾਨ ਕਰਨ ਵੱਲ ਹੀ ਹੁੰਦਾ ਹੈ| ਇਸ ਦੌਰਾਨ ਕਈ ਵਾਹਨ ਚਾਲਕ ਵੀ ਟ੍ਰੈਫਿਕ ਪੁਲੀਸ ਵਲੋਂ ਰੋਕੇ ਜਾਣ ਤੇ ਆਪਣੀ ਉੱਚੀ ਪਹੁੰਚ ਜਾਂ ਜਾਂ ਆਪਣੇ ਕਿਸੇ ਨਜ਼ਦੀਕੀ ਦੀ ਧੌਂਸ ਦਿੰਦੇ ਹਨ ਅਤੇ ਟ੍ਰੈਫਿਕ ਪੁਲੀਸ ਦੇ ਮੁਲਾਜਮ ਵੀ ਅਕਸਰ ਵੱਡੇ ਘਰਾਂ ਦੇ ਕਾਕਿਆਂ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੇ ਹਨ| ਇਹ ਵੀ ਆਮ ਵੇਖਣ ਵਿੱਚ ਆਉੱਦਾ ਹੈ ਕਿ ਵੱਡੀ ਗਿਣਤੀ ਨਾਬਾਲਗ ਬੱਚੇ ਵੀ ਕੋਈ ਨਾ ਕੋਈ ਵਾਹਨ ਭਜਾਈ ਫਿਰਦੇ ਹਨ| ਇਹ ਬੱਚੇ ਬਹੁਤ ਤੇਜ਼ ਰਫਤਾਰ ਨਾਲ ਆਪਣੇ ਵਾਹਨ ਚਲਾਉਂਦੇ ਹਨ ਅਤੇ ਸਕੂਟਰ ਜਾਂ ਮੋਟਰਸਾਈਕਲ ਤੇ ਤਿੰਨ ਤਿੰਨ ਜਾਂ ਚਾਰ ਚਾਰ ਦੀ ਗਿਣਤੀ ਵਿਚ ਬੈਠੇ ਹੁੰਦੇ ਹਨ| ਇਹਨਾਂ ਦੀ ਤੇਜ਼ ਰਫਤਾਰ ਅਤੇ ਅਣਗਹਿਲੀ ਕਾਰਨ ਵੀ ਅਕਸਰ ਹਾਦਸੇ ਵਾਪਰਦੇ ਹਨ|
ਟ੍ਰੈਫਿਕ ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੇ ਅਜਿਹੇ ਤਮਾਮ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਏ| ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸੋ ਪਾਸੇ ਧਿਆਨ ਦੇਣ ਅਤੇ ਵੱਡੇ ਪੱਘਰ ਤੇ ਹੁੰਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਾਰਨ ਲਗਾਤਾਰ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *