ਟ੍ਰੈਫਿਕ ਨਿਯਮਾਂ ਦੀ ਖੁਲ੍ਹ ਕੇ ਉਲੰਘਣਾ ਕਰਦੇ ਹਨ ਜ਼ਿਆਦਾਤਰ ਸਕੂਲੀ ਬੱਸਾਂ ਦੇ ਚਾਲਕ

ਟ੍ਰੈਫਿਕ ਨਿਯਮਾਂ ਦੀ ਖੁਲ੍ਹ ਕੇ ਉਲੰਘਣਾ ਕਰਦੇ ਹਨ ਜ਼ਿਆਦਾਤਰ ਸਕੂਲੀ ਬੱਸਾਂ ਦੇ ਚਾਲਕ
ਕੰਡਮ ਬੱਸਾਂ, ਸੁੱਕਾ ਨਸ਼ਾ, ਅਣਟਰੇਂਡ ਡ੍ਰਾਈਵਰ ਅਤੇ ਤੇਜ ਰਫਤਾਰ ਬਣੇ ਸਕੂਲ ਬੱਸਾਂ ਦੇ ਹਾਦਸੇ ਦੇ ਮੁੱਖ ਕਾਰਨ
ਐਸ ਏ ਐਸ ਨਗਰ, 30 ਅਪ੍ਰੈਲ (ਭਗਵੰਤ ਸਿੰਘ ਬੇਦੀ ) ਪਿਛਲੇ ਦਿਨਾਂ ਦੌਰਾਨ ਵੱਖ ਵੱਖ ਇਲਾਕਿਆਂ ਵਿੱਚ ਅਨੇਕਾਂ ਹੀ ਸਕੂਲ ਬੱਸਾਂ ਦੇ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਹਨਾਂ ਵਿੱਚ ਨੰਨੇ ਮੁੰਨੇ ਬੱਚੇ ਦਰਜਨਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਵਿੱਚ ਜਾ ਪਏ ਹਨ| ਇਹਨਾਂ ਹਾਦਸਿਆਂ ਨੇ ਇਕ ਵਾਰ ਫਿਰ ਸਕੂਲ ਬੱਸਾਂ ਦੀ ਤੇਜ ਰਫਤਾਰ ਅਤੇ ਸੜਕਾਂ ਉਪਰ ਕਰਤੱਬ ਦਿਖਾਉਣ ਦੀ ਆਦਤ ਨੂੰ ਉਜਾਗਰ ਕੀਤਾ ਹੈ|
ਹਰ ਸ਼ਹਿਰ ਵਿੱਚ ਹੀ ਇਹ ਵੇਖਣ ਵਿੱਚ ਆਉਂਦਾ ਹੈ ਕਿ ਸਵੇਰੇ ਅਤੇ ਸ਼ਾਮ ਸਕੂਲ ਲੱਗਣ ਵੇਲੇ ਅਤੇ ਛੁੱਟੀ ਵੇਲੇ ਸੜਕਾਂ ਉਪਰ ਪੀਲੇ ਰੰਗ ਦੀਆਂ ਸਕੂਲ ਬੱਸਾਂ ਦਾ ਹੜ ਜਿਹਾ ਹੀ ਆ ਜਾਂਦਾ ਹੈ| ਇਹ ਪੀਲੇ ਰੰਗ ਦੀਆਂ ਸਕੂਲ ਬੱਸਾਂ ਜਿਥੇ ਮੁੱਖ ਸੜਕਾਂ ਉਪਰ ਦੌੜਦੀਆਂ ਫਿਰਦੀਆਂ ਹਨ ਉਥੇ ਹੀ ਆਮ ਅੰਦਰੂਨੀ ਗਲੀਆਂ ਵਿੱਚ ਵੀ ਇਹ ਸਕੂਲ ਬੱਸਾਂ ਬਹੁਤ ਹੀ ਤੇਜ ਰਫਤਾਰ ਨਾਲ ਜਾਂਦੀਆਂ ਆਉਂਦੀਆਂ ਹਨ| ਜਿਸ ਕਾਰਨ ਅਕਸਰ ਹੀ ਹਾਦਸੇ ਵਾਪਰ ਜਾਂਦੇ ਹਨ| ਇਹ ਸਕੂਲ ਬੱਸਾਂ ਵਾਲੇ ਅਕਸਰ ਹੀ ਤੇਜ ਰਫਤਾਰ ਨਾਲ ਮੋੜ ਕੱਟਦੇ ਸਮੇਂ ਲੋਕਾਂ ਦੀਆਂ ਦੇਹਲੀਆਂ ਅਤੇ ਹੋਰ ਪੇੜ ਪੌਦੇ ਵੀ ਮਧੋਲ ਜਾਂਦੇ ਹਨ|
ਇਹਨਾਂ ਸਕੂਲ ਬੱਸਾਂ ਵਿਚੋਂ ਜਿਆਦਾਤਰ ਦੇ ਡ੍ਰਾਈਵਰ ਅਨਟ੍ਰੇਂਡ ਹੁੰਦੇ ਹਨ ਜਾਂ ਨਾਬਾਲਗ ਹੀ ਹੁੰਦੇ ਹਨ| ਕਈਆਂ ਕੋਲ ਤਾਂ ਲਾਇਸੰਸ ਹੀ ਨਹੀਂ ਹੁੰਦਾ| ਇਸ ਤੋਂ ਇਲਾਵਾ ਇਹਨਾਂ ਸਕੂਲ ਬੱਸਾਂ ਵਿੱਚ ਗਾਣੇ ਵੀ ਉਚੀ ਆਵਾਜ ਵਿਚ ਲਗਾਏ ਹੁੰਦੇ ਹਨ ਜੇ ਬੱਸ ਕੁੜੀਆਂ ਦੇ ਸਕੂਲ ਜਾਂ ਕਾਲਜ ਦੀ ਹੋਵੇ ਤਾਂ ਡਰਾਇਵਰ ਬੱਸ ਚਲਾਉਂਦਾ ਹੋਇਆ ਬੈਕ ਮਿਰਰ ਵਿਚਂੋ ਦੀ ਮੈਡਮਾਂ ਅਤੇ ਕੁੜੀਆਂ ਨੂੰ ਹੀ ਤਾੜਦਾ ਰਹਿੰਦਾ ਹੈ ਜਿਸ ਕਰਕੇ ਹਾਦਸੇ ਵਾਪਰਦੇ ਹਨ|
ਇਹ ਅਸਲੀਅਤ ਹੈ ਕਿ 95 ਫੀਸਦੀ ਤੋਂ ਵੱਧ ਸਕੂਲ ਬੱਸਾਂ ਦਾ ਕੰਮ ਠੇਕੇ ਉਪਰ ਹੈ| ਮਤਲਬ ਕਿ ਸਕੂਲਾਂ ਵਾਲਿਆਂ ਨੇ ਆਪਣੀਆਂ ਬੱਸਾਂ ਪਾਉਣ ਦੀ ਥਾਂ ਠੇਕੇ ਉਪਰ ਠੇਕੇਦਾਰ ਤੋਂ ਪੁਰਾਣੀਆਂ ਬੱਸਾਂ ਲਈਆਂ ਹੋਈਆਂ ਹਨ| ਬੱਸ, ਡ੍ਰਾਈਵਰ, ਕੰਡਕਟਰ ਦੀ ਜਿੰਮੇਵਾਰੀ ਠੇਕੇਦਾਰ ਦੀ ਹੁੰਦੀ ਹੈ| ਵੱਖ ਵੱਖ ਸਕੂਲਾਂ ਵਿੱਚ ਪ੍ਰਤੀ ਬੱਚਾ 500 ਤੋਂ ਲੈ ਕੇ 1500 ਰੁਪਏ ਤਕ ਬੱਚਿਆਂ ਕੋਲੋਂ ਟ੍ਰਾਂਸਪੋਰਟ ਸਹੂਲਤ ਦੇਣ ਲਈ ਲਏ ਜਾਂਦੇ ਹਨ, ਜਿਨ੍ਹਾਂ ਵਿਚੋਂ 100 ਤੋਂ 200 ਰੁਪਏ ਪ੍ਰਤੀ ਬੱਚਾ ਸਕੂਲ ਮਾਲਕਾਂ ਦਾ ਵੀ ਹੁੰਦਾ ਹੈ ਬਾਕੀ ਪੈਸੇ ਠੇਕੇਦਾਰ ਦੀ ਜੇਬ ਵਿੱਚ ਜਾਂਦੇ ਹਨ| ਏਨੀ ਵੱਡੀ ਰਕਮ ਲੈਣ ਦੇ ਬਾਵਜੂਦ ਠੇਕੇਦਾਰ ਨਾ ਤਾਂ ਚੰਗੀਆਂ ਬੱਸਾਂ ਪਾਉਂਦੇ ਹਨ ਸਗੋਂ ਉਹ ਕੰਡਮ ਬੱਸਾਂ ਨੂੰ ਖਰੀਦ ਕੇ ਗੈਰ ਤਜਰਬੇਕਾਰ ਡ੍ਰਾਈਵਰਾਂ ਨੂੰ ਰੱਖਦੇ ਹਨ ਜਿਹਨਾਂ ਨੂੰ ਟ੍ਰੇਂਡ ਡ੍ਰਾਈਵਰ ਨਾਲੋਂ ਕਾਫੀ ਘੱਟ ਪੈਸੇ ਦਿੱਤੇ ਜਾਂਦੇ ਹਨ| ਇਹਨਾਂ ਵਿਚੋਂ ਕਈਆਂ ਕੋਲ ਹੈਵੀ ਲਾਇਸੰਸ ਹੀ ਨਹੀਂ ਹੁੰਦੇ ਜਾਂ ਫਿਰ ਵੈਲਿਡ ਹੀ ਨਹੀਂ ਹੁੰਦੇ| ਟ੍ਰੈਫਿਕ ਪੁਲੀਸ ਵਾਲੇ ਵੀ ਉਹਨਾਂ ਦੇ ਲਾਇਸੰਸ ਘੱਟ ਹੀ ਜਾਂਚਦੇ ਹਨ| ਹਾਂ ਕਦੇ ਕਦੇ ਜਰੂਰ ਟ੍ਰੈਫਿਕ ਪੁਲੀਸ ਵਲੋਂ ਸਕੂਲ ਬੱਸਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਇਹ ਨਾਂਹ ਦੇ ਬਰਾਬਰ ਹੀ ਹੁੰਦੀ ਹੈ| ਇਸ ਕਾਰਨ ਇਹਨਾਂ ਸਕੂਲ ਬੱਸਾਂ ਵਾਲਿਆਂ ਦੀ ਮਨਮਰਜੀ ਹੁੰਦੀ ਰਹਿੰਦੀ ਹੈ| ਇਸ ਤੋਂ ਇਲਾਵਾ ਕਈ ਡ੍ਰਾਈਵਰਾਂ ਵਲੋਂ ਸੁੱਕਾ ਨਸ਼ਾ ਵੀ ਕੀਤਾ ਜਾਂਦਾ ਹੈ|
ਕੰਡਮ ਬੱਸਾਂ, ਸੁੱਕਾ ਨਸ਼ਾ, ਅਨਟ੍ਰੇਂਡ ਡ੍ਰਾਈਵਰ ਅਤੇ ਤੇਜ ਰਫਤਾਰ ਇਹਨਾਂ ਸਕੂਲ ਬੱਸਾਂ ਦੇ ਹਾਦਸੇ ਦੇ ਮੁੱਖ ਕਾਰਨ ਬਣਦੇ ਹਨ| ਇਹ ਸਕੂਲ ਬੱਸਾਂ ਵਾਲੇ ਅਕਸਰ ਹੀ ਦੂਜੇ ਵਾਹਨਾਂ ਨਾਲ ਰੇਸਾਂ ਲਾਉਂਦੇ ਰਹਿੰਦੇ ਹਨ ਅਤੇ ਜਦੋਂ ਇਹ ਸਕੂਲ ਬੱਸ ਕਿਸੇ ਹੋਰ ਵਾਹਨ ਨੂੰ ਪਾਸ ਕਰਦੀ ਹੈ ਤਾਂ ਬੱਸ ਵਿੱਚ ਸਵਾਰ ਬੱਚੇ ਖੁਸੀ ਵਿੱਚ ਤਾੜੀਆਂ ਅਤੇ ਕਿਲਕਾਰੀਆਂ ਮਾਰਦੇ ਹਨ ਜਿਸ ਕਰਕੇ ਡ੍ਰਾਈਵਰ ਇਹਨਾਂ ਬੱਸਾਂ ਨੂੰ ਹੋਰ ਵੀ ਤੇਜ ਕਰ ਲੈਂਦੇ ਹਨ| ਇਸ ਤਰ੍ਹਾਂ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ|
ਇੱਕ ਸਕੂਲ ਪ੍ਰਬੰਧਕ ਨੇ ਮੰਨਿਆ ਕਿ ਜੇ ਬਹੁਤੀਆਂ ਸਕੂਲ ਬੱਸਾਂ ਲਈ ਟ੍ਰੇਂਡ ਡ੍ਰਾਈਵਰ ਘੱਟ ਹੀ ਹੁੰਦੇ ਹਨ, ਡ੍ਰਾਈਵਰ ਰੱਖਣਾ ਠੇਕੇਦਾਰ ਦੀ ਹੀ ਜਿੰਮੇਵਾਰੀ ਹੁੰਦੀ ਹੈ| ਸਾਡੇ ਸਕੂਲ ਵਿੱਚ ਜਰੂਰ ਬੱਸਾਂ ਲਈ ਤਜਰਬੇਕਾਰ ਡ੍ਰਾਈਵਰ ਹਨ ਪਰ ਜੇ ਸਾਰੇ ਸਕੂਲਾਂ ਦੇ ਬੱਸਾਂ ਦੇ ਠੇਕੇਦਾਰ ਹੀ ਸਾਰੇ ਡ੍ਰਾਈਵਰ ਹੀ ਪੂਰੇ ਟ੍ਰੇਂਡ ਰੱਖੇ ਜਾਣ ਤਾਂ ਇਹਨਾਂ ਡ੍ਰਾਈਵਰਾਂ ਦੀ ਤਨਖਾਹ ਬਹੁਤ ਪੈ ਜਾਂਦੀ ਹੈ ਇਸ ਕਰਕੇ ਸਕੂਲ ਬੱਸਾਂ ਦੇ ਠੇਕੇਦਾਰ ਤਜਰਬੇਕਾਰ ਡ੍ਰਾਈਵਰਾਂ ਦੀ ਥਾਂ ਅਣਟਰੇਂਡ ਡ੍ਰਾਈਵਰ ਹੀ ਰੱਖਣ ਨੂੰ ਤਰਜੀਹ ਦਿੰਦੇ ਹਨ|
ਵੱਖ ਵੱਖ ਸਕੂਲਾਂ ਵਿੱਚ ਪੜਦੇ ਬੱਚਿਆਂ ਦੇ ਮਾਪਿਆ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਸਕੂਲ ਬੱਸਾਂ ਸਬੰਧੀ ਗੰਭੀਰ ਹੋਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਉਪਰ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਜਿੰਦਗੀ ਦਾ ਬਚਾਓ ਹੋ ਸਕੇ ਅਤੇ ਉਹਨਾਂ ਦੀ ਸੁਰਖਿਆ ਨਾਲ ਕੋਈ ਖਿਲਵਾੜ ਨਾ ਹੋ ਸਕੇ|

Leave a Reply

Your email address will not be published. Required fields are marked *