ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਕਰਨ ਲਈ ਲੋੜੀਂਦੀ ਕਾਰਵਾਈ ਹੋਵੇ

ਪੰਜਾਬ ਸਰਕਾਰ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਚੰਡੀਗੜ੍ਹ ਦੇ ਮੁਕਾਬਲੇ ਕਿਤੇ ਬਿਹਤਰ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਨਾਗਰਿਕ ਸੁਵਿਧਾਵਾਂਦੇ ਮਾਮਲੇ ਵਿੱਚ ਅਸੀਂ ਚਡੀਗੜ੍ਹ ਦੇ ਮੁਕਾਬਲੇ ਕਿਤੇ ਵੀ ਨਹੀਂ ਖੜ੍ਹਦੇ| ਟ੍ਰੈਫਿਕ ਵਿਵਸਥਾ ਦੇ ਮਾਮਲੇ ਵਿੱਚ ਤਾਂ ਸਾਡੇ ਸ਼ਹਿਰ ਦੀ ਹਾਲਤ ਚੰਡੀਗੜ੍ਹ ਦੇ ਮੁਕਾਬਲੇ ਬਹੁਤ ਹੀ ਤਰਸਯੋਗ ਹਾਲਤ ਵਿੱਚ ਹੈ| ਚੰਡੀਗੜ੍ਹ ਵਿੱਚ  ਆਮ ਵਾਹਨ ਚਾਲਕ  ਟ੍ਰੈਫਿਕ ਪੁਲੀਸ ਦੀ ਕਾਰਵਾਈ ਤੋਂ ਬਚਨ ਲਈ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ ਕਿਊਂਕਿ ਚੰਡੀਗੜ੍ਹ ਦੀ ਟ੍ਰੈਫਿਕ ਪੁਲੀਸ ਵਲੋਂ ਉੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਬਿਨਾ ਕਿਸੇ ਭੇਦਭਾਵ ਦੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਪਰੰਤੂ ਉਹੀ ਵਾਹਨ ਚਾਲਕ ਜਦੋਂ ਸਾਡੇ ਸ਼ਹਿਰ ਵਿੱਚ ਦਾਖਿਲ ਹੁੰਦੇ ਹਨ ਤਾਂ ਉਹਨਾਂ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਅਤੇ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖੇ ਜਾ ਸਕਦੇ ਹਨ|
ਇਸਦਾ ਮਤਲਬ ਸਿਰਫ ਇਹ ਹੈ ਕਿ ਅਜਿਹੇ ਵਾਹਨ ਚਾਲਕ ਸਿਰਫ ਅਤੇ ਸਿਰਫ ਟ੍ਰੈਫਿਕ ਪੁਲੀਸ ਦੀ ਕਾਰਵਾਈ ਤੋਂ ਬਚਣ ਲਈ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਜਦੋਂ ਤਕ ਉਹਨਾਂ ਦੇ ਦਿਲੋ ਦਿਮਾਗ ਵਿੱਚ ਇਹ ਧਾਰਨਾ ਹਾਵੀ ਰਹੇਗੀ ਕਿ ਮੁਹਾਲੀ ਦੀ ਟ੍ਰੈਫਿਕ ਪੁਲੋਸ ਵਾਹਨ ਚਾਲਕਾਂ ਵਲੋਂ ਕੀਤੀ ਜਾਣ ਵਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਖਿਲਾਫ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਇਸਨੂੰ ਅਣਦੇਖਿਆ ਕਰ ਦੇਵੇਗੀ ਜਾਂ ਫਿਰ ਵਾਹਨ ਚਾਲਕਾਂ ਦੇ ਰਸੂਖ ਤੋਂ ਪ੍ਰਭਾਂਵਿਤ ਹੋ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਹਨਾ ਨੂੰ ਛੱਡ ਦੇਵੇਗੀ ਉਦੋਂ ਤਕ ਇਹਨਾਂ ਵਾਹਨ ਚਾਲਕਾਂ ਦੇ ਇਸ ਵਤੀਰੇ ਵਿੱਚ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ|
ਇਸ ਸਮੱਸਿਆ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰ ਵਾਸੀਆਂ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਰੁਝਾਨ ਘੱਟ ਹੀ ਹੈ ਅਤੇ ਸਿਰਫ ਉਨ੍ਹਾਂ ਟ੍ਰੈਫਿਕ ਲਾਈਟਾਂ ਤੇ ਹੀ ਵਾਹਨ ਚਾਲਕ ਲਾਲ ਬੱਤੀ ਵੇਲੇ ਖੜ੍ਹੇ ਨਜ਼ਰ  ਆਉਂਦੇ  ਹਨ ਜਿਨ੍ਹਾਂ ਤੇ ਪੱਕੇ ਤੌਰ ਤੇ ਟ੍ਰੈਫਿਕ ਪੁਲੀਸ ਤੈਨਾਤ ਹੁੰਦੀ ਹੈ ਵਰਨਾ ਲੋਕ ਜਿੱਥੋਂ  ਵੀ ਰਾਹ ਮਿਲੇ ਆਪਣਾ ਵਾਹਨ ਕੱਢ ਕੇ ਅੱਗੇ ਲਿਜਾਣ ਲਈ ਕਾਹਲੇ ਨਜ਼ਰ ਆਉਂਦੇ ਹਨ| ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਕਰਕੇ  ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਹਾਲਤ ਬਹੁਤ ਖਰਾਬ ਚਲ ਰਹੀ ਹੈ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ  ਸਵੇਰ ਸ਼ਾਮ ਜਾਮ ਦੀ ਹਾਲਤ ਵੇਖਣ ਨੂੰ ਮਿਲਦੀ ਹੈ| ਸੜਕਾਂ ਕਿਨਾਰੇ ਰੇਹੜੀਆਂ ਫੜ੍ਹੀਆਂ ਲਗਾ ਕੇ ਆਪਣਾ ਸਾਮਾਨ ਵੇਚਣ ਵਾਲਿਆਂ ਕੋਲ ਖੜ੍ਹੀਆਂ ਗੱਡੀਆਂ  ਕਾਰਨ ਵੀ ਅਕਸਰ ਸੜਕ ਹਾਦਸੇ ਵਾਪਰਦੇ  ਹਨ ਪ੍ਰੰਤੂ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਟ੍ਰੈਫਿਕ ਕਰਮਚਾਰੀਆਂ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾਂਦੀ|
ਸਮੱਸਿਆ ਇਹ ਵੀ ਹੈ ਕਿ ਇੱਕ ਪਾਸੇ ਜਿੱਥੇ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ (ਵਾਹਨਾਂ) ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਵਾਹਨ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਨ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਸ਼ਹਿਰ ਦੀਆਂ ਸੜਕਾਂ ਤੇ ਵਾਹਨਾਂ ਦੀ ਇਸ ਵੱਧਦੀ ਗਿਣਤੀ ਦੇ ਨਾਲ ਨਾਲ ਸ਼ਹਿਰ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ| ਹਾਲਾਂਕਿ ਸ਼ਹਿਰ ਦੀ ਟ੍ਰੈਫਿਕ  ਵਿਵਸਥਾ ਨੂੰ ਕਾਬੂ ਵਿੱਚ ਰੱਖਣ ਲਈ ਸ਼ਹਿਰ ਵਿੱਚ ਲੋੜੀਂਦੀ ਗਿਣਤੀ ਵਿੱਚ ਟ੍ਰੈਫਿਕ ਪੁਲੀਸ ਵੀ ਤੈਨਾਤ ਕੀਤੀ ਗਈ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੇ ਦਿਨੋਂ ਦਿਨ ਬਦਹਾਲ ਹੋਣ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਹਾਸੋਹੀਣੀ ਬਣ ਗਈ ਹੈ|
ਸਥਾਨਕ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਵਧੀਆ ਬੁਨਿਆਦੀ ਢਾਂਚਾ ਮੁਹਈਆ ਕਰਵਾਉਣ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰੰਤੂ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕੀਤੇ ਬਿਨਾਂ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਗੱਲ ਦਾ ਕੋਈ ਅਰਥ ਨਹੀਂ ਹੈ| ਪ੍ਰਸ਼ਾਸਨ ਨੂੰ  ਚਾਹੀਦਾ ਹੈ ਕਿ ਉਹ ਸ਼ਹਿਰਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਪੁਲੀਸ ਨੂੰ ਪੂਰੀ ਤਰ੍ਹਾਂ ਚੁਸਤ ਦਰੁਸਤ ਕਰੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋ ਸਕੇ|

Leave a Reply

Your email address will not be published. Required fields are marked *