ਟ੍ਰੈਫਿਕ ਨਿਯਮਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਜਰੂਰੀ : ਰੁਪਿੰਦਰ ਕੌਰ

ਐਸ.ਏ.ਐਸ. ਨਗਰ, 13 ਅਕਤੂਬਰ (ਸ.ਬ.) ਟ੍ਰੈਫਿਕ ਨਿਯਮਾਂ ਨੂੰ ਹਰੇਕ ਇਨਸਾਨ ਨੂੰ ਆਪਣੀ ਜਿੰਦਗੀ ਦਾ  ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣਾ ਜੀਵਨ ਸੁਰੱਖਿਅਤ ਰੱਖ ਸਕਾਂਗੇ| ਇਹ ਗੱਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀਮਤੀ ਰੁਪਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਕੂਲਾਂ, ਕਾਲਜਾਂ, ਨਹਿਰੂ ਯੂਵਕ ਸੇਵਾਵਾਂ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਵੱਲੋਂ ਮੁਹਾਲੀ  ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿੱਚ ਵਾਹਨ ਚਲਾਉਣ ਵਾਲੇ ਆਮ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਮੌਕੇ ਆਖੀ|
ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਨਿਵੇਕਲੀ ਸਕੀਮ ਆਰੰਭੀ ਗਈ ਹੈ| ਜਿਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਦੇ ਨਾਲ ਨਾਲ ਨਹਿਰੂ ਯੂਵਕ ਸੇਵਾਵਾਂ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਸਹਿਯੋਗ ਲਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਤਿਊਹਾਰਾਂ ਦੇ ਦਿਨਾਂ ਕਾਰਨ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਹੋਰ ਗੰਭੀਰ ਸਮੱਸਿਆ  ਪੈਦਾ ਹੋ ਜਾਂਦੀ ਹੈ| ਇਸ ਲਈ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਜਿਹੜੇ ਪੁਆਇੰਟ ਜਿੱਥੇ ਕਿ ਜਿਆਦਾ ਟ੍ਰੈਫਿਕ ਹੁੰਦੀ ਹੈ| ਉਥੇ ਇਹ ਉਪਰਾਲਾ ਕੀਤਾ ਗਿਆ ਹੈ| ਕਿਉਂਕਿ ਟ੍ਰੈਫਿਕ ਨਿਯਮਾਂ ਤੋਂ ਅਣਜਾਣ ਹੋਣ ਕਾਰਨ ਸੜਕੀ ਹਾਦਸੇ ਵਾਪਰਨ ਦਾ ਖਦਸਾ ਬਣਿਆ ਰਹਿੰਦਾ ਹੈ ਅਤੇ ਇਨ੍ਹਾਂ ਚੌਂਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੱਸਿਆ ਗਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਬਹੁਤ ਵੱਡੀ ਗਲਤੀ ਹੁੰਦੀ ਹੈ| ਜਿਸ ਨਾਲ ਕਈ ਵਾਰ ਸਾਡੀ ਜਾਨ ਵੀ ਜਾ ਸਕਦੀ ਹੈ| ਇਸ ਲਈ ਟ੍ਰੈਫਿਕ ਨਿਯਮਾਂ ਨੂੰ ਅਪਣਾਉਣਾ ਚਾਹੀਦਾ ਹੈ| ਇਸ ਮੌਕੇ  ਵਾਹਨ ਚਾਲਕਾਂ ਨੂੰ ਟ੍ਰੈਫਿਕ ਲਾਈਟਾਂ ਦੇ ਨਾਲ ਨਾਲ ਜੈਬਰਾ ਕਰਾਸਿੰਗ ਬਾਰੇ ਵੀ ਜਾਣਕਾਰੀ ਦਿੱਤੀ| ਇਸ ਮੌਕੇ ਜ਼ਿਲ੍ਹਾ ਨਹਿਰੂ ਯੂਵਾ ਕੇਂਦਰ ਦੇ ਕੋਆਰਡੀਨੇਟਰ ਪਰਮਜੀਤ ਸਿੰਘ, ਅਤੇ ਟ੍ਰੈਫਿਕ ਪੁਲੀਸ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ|
ਇਸੇ ਦੌਰਾਨ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਖਾਲਸਾ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਦੇ ਐਨ ਐਸ. ਐਸ. ਵਲੰਟੀਅਰਾਂ ਵਲੋਂ  3 ਬੀ 1 ਅਤੇ 3 ਬੀ 2 ਦੀ ਮਾਰਕੀਟ ਦੀ ਸਫਾਈ ਕੀਤੀ ਗਈ|
ਸ੍ਰੀਮਤੀ ਰੁਪਿੰਦਰ ਕੌਰ ਦੱਸਿਆ ਕਿ ਐਨ ਐਸ ਐਸ ਦੇ ਵਲੰਟੀਅਰਾਂ ਨੂੰ ਯੁਵਕ ਸੇਵਾਵਾਂ ਭਲਾਈ ਵਿਭਾਗ ਵੱਲੋਂ ਗਾਰਬੈਜ ਬੈਗ ਅਤੇ ਹੱਥਾਂ ਵਿੱਚ ਪਹਿਨਣ ਵਾਲੇ ਗਲਬਜ਼ ਮੁਫਤ ਦਿੱਤੇ ਗਏ| ਉਨ੍ਹਾਂ ਇਸ ਮੌਕੇ ਖਾਸ ਕਰਕੇ ਨੌਜਵਾਨ ਵਰਗ ਨੂੰ ਅਪੀਲ ਕੀਤੀ  ਕਿ ਸਵੱਛ ਭਾਰਤ ਮਿਸ਼ਨ ਤਹਿਤ ਸਫਾਈ ਕਾਰਜ਼ਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਤਾਂ ਜੋ ਅਸੀਂ ਸਾਫ ਸੂਥਰੇ ਵਾਤਾਵਰਣ ਦੀ ਸਿਰਜਣਾ ਕਰ ਸਕੀਏ| ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਹੈ|

Leave a Reply

Your email address will not be published. Required fields are marked *