ਟ੍ਰੈਫਿਕ ਪੁਲੀਸ ਨੇ ਸੈਕਟਰ 76 ਦੇ ਡੀ. ਸੀ. ਦਫਤਰ ਦੇ ਬਾਹਰ ਖੜੇ ਵਾਹਨ ਹਟਾਏ
ਐਸ. ਏ. ਐਸ. ਨਗਰ, 3 ਫਰਵਰੀ (ਆਰ. ਪੀ. ਵਾਲੀਆ) ਮੁਹਾਲੀ ਟ੍ਰੈਫਿਕ ਪੁਲੀਸ ਵਲੋਂ ਸਥਾਨਕ ਸੈਕਟਰ 76 ਦੇ ਡੀ.ਸੀ. ਦਫਤਰ ਦੇ ਬਾਹਰ ਖੜੇ ਵਾਹਨਾਂ ਨੂੰ ਕ੍ਰੇਨ ਦੀ ਮਦਦ ਨਾਲ ਉੱਥੋਂ ਹਟਾਇਆ ਗਿਆ।
ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਡੀ. ਸੀ. ਦਫਤਰ ਦੇ ਬਾਹਰ ਆਪਣੇ ਕੰਮਾਂ ਲਈ ਆਉਣ ਵਾਲੇ ਲੋਕ ਅਕਸਰ ਪਾਰਕਿੰਗ ਫੀਸ ਤੋਂ ਬਚਣ ਲਈ ਆਪਣੀਆਂ ਕਾਰਾਂ ਅਤੇ ਹੋਰ ਵਾਹਨ ਦਫਤਰ ਦੇ ਬਾਹਰ ਸੜਕੇ ਦੇ ਕਿਨਾਰੇ ਖੜੇ ਕਰਕੇ ਆਪਣੇ ਕੰਮਾਂ ਲਈ ਚਲੇ ਜਾਂਦੇ ਹਨ ਜਿਸ ਕਾਰਨ ਇਸ ਦਫਤਰ ਦੇ ਬਾਹਰ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਆਵਾਜਾਈ ਵਿੱਚ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਇਨ੍ਹਾਂ ਸੜਕ ਕਿਨਾਰੇ ਖੜੇ ਵਾਹਨਾਂ ਕਾਰਨ ਇੱਥੇ ਹਰ ਸਮੇਂ ਜਾਮ ਵਰਗੀ ਨੌਬਤ ਬਣੀ ਰਹਿੰਦੀ ਹੈ ਅਤੇ ਲੋਕ ਪ੍ਰੇਸ਼ਾਨ ਹੁੰਦੇ ਹਨ।
ਉਹਨਾਂ ਕਿਹਾ ਕਿ ਇਸ ਸੰਬਧੀ ਕਈ ਵਾਰ ਲੋਕਾਂ ਵਲੋਂ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਕਿ ਇਨ੍ਹਾਂ ਵਾਹਨਾਂ ਨੂੰ ਇੱਥੇ ਖੜਣ ਤੋਂ ਰੋਕਿਆ ਜਾਵੇ ਜਿਸਤੇ ਕਾਰਵਾਈ ਕਰਦਿਆ ਪੁਲੀਸ ਵਲੋਂ ਇਨ੍ਹਾਂ ਕਾਰਾਂ ਨੂੰ ਕ੍ਰੇਨ ਦੀ ਮਦਦ ਨਾਲ ਉੱਥੋਂ ਹਟਾਇਆ ਗਿਆ।