ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਈ ਜਿੰਮੇਵਾਰ ਆਟੋ-ਚਾਲਕਾਂ ਵਿਰੁੱਧ ਕਾਰਵਾਈ ਕਰੇ ਪ੍ਰਸ਼ਾਸ਼ਨ

ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਸ਼ਹਿਰ ਵਾਸੀ ਬੁਰੀ ਤਰ੍ਹਾਂ ਤ੍ਰਸਤ ਹਨ ਅਤੇ ਉਹ ਅਕਸਰ ਇਸਦੀ ਸ਼ਿਕਾਇਤ ਵੀ ਕਰਦੇ ਹਨ| ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਬਾਰੇ ਸ਼ਹਿਰ ਵਾਸੀਆਂ ਨਾਲ ਗੱਲ ਕਰਨ ਤੇ ਉਹ ਇਸ ਸਮੱਸਿਆ ਲਈ  ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ (ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਦੀ ਹੈ) ਦੇ ਚਾਲਕਾਂ ਨੂੰ ਹੀ ਜਿੰੰਮੇਵਾਰ ਠਹਿਰਾਉਂਦੇ ਹਨ ਜਿਹਨਾਂ ਦੇ ਖਿਲਾਫ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਹੋਰ ਵੀ ਵੱਧਦੀ ਜਾ ਰਹੀ ਹੈ|
ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਪੁਲੀਸ ਤੋਂ ਇਹ ਆਮ ਸ਼ਿਕਾਇਤ ਹੈ ਕਿ ਉਸ ਵਲੋਂ ਸ਼ਹਿਰ ਵਿੱਚ ਆਮ ਵਾਹਨ ਚਾਲਕਾਂ ਵਲੋਂ  ਕੀਤੀ ਜਾਂਦੀ ਕਿਸੇ ਵੀ ਛੋਟੀ ਵੱਡੀ ਉਲੰਘਣਾ ਲਈ ਉਹਨਾਂ ਦਾ ਤੁਰੰਤ ਚਾਲਾਨ ਕਰ ਦਿੱਤਾ ਜਾਂਦਾ ਹੈ ਪਰੰਤੂ ਜਦੋਂ ਗੱਲ ਇਹਨਾਂ ਆਟੋ ਚਾਲਕਾਂ ਦੀ ਆਉਂਦੀ ਹੈ ਤਾਂ ਇਹੀ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦੀ ਹੈ ਜਦੋਂਕਿ ਆਟੋ ਚਾਲਕਾਂ ਵਿੱਚੋਂ ਜਿਆਦਾਤਰ ਕੋਲ ਨਾ ਤਾਂ ਆਟੋ ਚਲਾਉਣ ਸੰਬੰਧੀ ਲਾਈਸੰਸ ਹੁੰਦਾ ਹੈ ਅਤੇ ਹੀ ਇਹਨਾਂ ਆਟੋ ਰਿਕਸ਼ਿਆਂ ਦੇ ਕਾਗਜ ਹੀ ਮੁਕੰਮਲ ਹੁੰਦੇ ਹਨ| ਸ਼ਹਿਰ ਵਾਸੀਆਂ ਗਿਲਾ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਆਟੋ ਚਾਲਕ ਹੁਣ ਇਸ ਕਦਰ ਬੇਲਗਾਮ ਹੋ ਚੁੱਕੇ ਹਨ ਕਿ ਜੇਕਰ ਕੋਈ ਹੋਰ ਵਾਹਨ ਚਾਲਕ ਇਹਨਾਂ ਵਲੋਂ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਗੱਲ ਕਰਦਾ ਹੈ ਤਾਂ ਅੱਗੋ ਇਹ ਉਸ ਨਾਲ ਲੜਣ ਨੂੰ ਪੈਂਦੇ ਹਨ|
ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਹੈ ਜਿਹੜੇ ਬਿਹਾਰ ਅਤੇ ਯੂ. ਪੀ. ਵਰਗੇ ਸੂਬਿਆਂ ਤੋਂ ਇੱਥੇ ਰੁਜਗਾਰ ਦੀ ਭਾਲ ਵਿੱਚ ਆਉਂਦੇ ਹਨ| ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਦੋ ਚਾਰ ਦਿਨ ਆਟੋ ਚਲਾਉਣ ਦੀ ਥੋੜ੍ਹੀ ਬਹੁਤ ਜਾਣਕਾਰੀ ਦੇ ਕੇ ਉਹਨਾਂ ਨੂੰ ਕਿਰਾਏ  ਤੇ ਆਟੋ ਦਿਵਾ ਦਿੱਤਾ ਜਾਂਦਾ ਹੈ ਅਤੇ ਉਹ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਰਹਿੰਦੇ ਹਨ|
ਪੁਲੀਸ ਵਲੋਂ ਖੁੱਲਂੀ ਛੂਟ ਮਿਲਣ ਕਾਰਨ ਇਹ ਆਟੋ ਰਿਕਸ਼ਾ ਚਾਲਕ ਸ਼ਾਇਦ ਇਹ ਸਮਝਣ ਲੱਗ ਪਏ ਹਨ ਕਿ ਸ਼ਹਿਰ ਦੀਆਂ ਸੜਕਾਂ ਸਿਰਫ ਉਹਨਾਂ ਲਈ ਹੀ ਬਣਾਈਆਂ ਗਈਆਂ ਹਨ ਅਤੇ ਹੋਰ ਕਿਸੇ ਵੀ ਵਾਹਨ ਨੂੰ ਸ਼ਹਿਰ ਦੀਆਂ ਸੜਕਾਂ ਤੇ ਚੱਲਣ ਦਾ ਅਧਿਕਾਰ ਹੀ ਨਹੀਂ ਹੈ| ਤੇਜ ਰਫਤਾਰ ਨਾਲ ਚਲਦੇ ਇਹਨਾਂ ਆਟੋ ਚਾਲਕਾਂ ਵਲੋਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ  ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਇਹ ਆਟੋ ਚਾਲਕ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਆਪਣੇ ਤੋਂ ਪਿੱਛੇ ਆਉਣ ਵਾਲੇ ਵਾਹਨ ਵਲੋਂ ਵਾਰ ਵਾਰ ਹਾਰਨ ਦੇਣ ਦੇ ਬਾਵਜੂਦ ਇਹ ਕਿਸੇ ਨੂੰ ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਅਤੇ ਇਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ| ਹੋਰ ਤਾਂ ਹੋਰ ਇਹ ਆਟੋ ਰਿਕਸ਼ਾ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨਾਲ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰਾ ਪੈਂਦਾ ਕਰਦੇ ਹਨ| ਸ਼ਹਿਰ ਵਿੱਚ ਚਲਦੇ ਅਜਿਹੇ ਥ੍ਰੀ ਵਹੀਲਰ ਕਈ ਵਾਰ ਹਾਦਸਿਆਂ ਦੌਰਾਨ ਸਵਾਰੀਆਂ ਨੂੰ ਜਖਮੀ ਵੀ ਕਰ ਚੁੱਕੇ ਹਨ|
ਹੈਰਾਨੀ ਦੀ ਗੱਲ ਹੈ ਕਿ ਇਹਨਾਂ ਤਮਾਮ ਸ਼ਿਕਾਇਤਾਂ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਪੁਲੀਸ ਦੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ| ਇਸ ਸੰਬੰਧੀ ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਪੁਲੀਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਚਾਲਕਾਂ ਤੋਂ ਹਰ ਮਹੀਨੇ ਇੱਕ ਬੱਝਵੀਂ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ ਅਤੇ ਇਸਦੇ ਨਾਲ ਨਾਲ ਇਹ ਆਟੋ ਚਾਲਕ ਪੁਲੀਸ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲੀਅਤ ਵੀ ਦਿੰਦੇ ਹਨ ਇਸ ਲਈ ਹੀ ਪੁਲੀਸ ਵਲੋਂ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਾ ਚਾਲਕਾਂ ਨੂੰ ਸਖਤੀ ਨਾਲ ਕਾਨੂੰਨ ਦਾ ਪਾਠ ਪੜ੍ਹਾਇਆ ਜਾਵੇ ਅਤੇ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਵੇ| ਇਸ ਤੋਂ ਪਹਿਲਾਂ ਕਿ ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀਆਂ ਆਪਹੁਦਰੀਆਂ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਅਸਰ              ਪਵੇ, ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਅਤੇ ਇਹਨਾਂ ਆਟੋ ਰਿਕਸ਼ਿਆਂ ਵਾਲਿਆਂ ਵਲੋਂ ਕੀਤੀ ਜਾਣ ਵਾਲੀ  ਕਾਨੂੰਨ ਦੀ ਉਲੰਘਣਾ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *