ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਲਈ ਆਟੋ ਚਾਲਕਾਂ ਖਿਲਾਫ ਸਖਤੀ ਕਰੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਆਮ ਲੋਕਾਂ ਨੂੰ ਆਪਣੀਆਂ ਆਵਾਜਾਈ ਲੋੜਾਂ ਲਈ ਜਾਂ ਤਾਂ ਆਪਣੇ ਨਿੱਜੀ ਵਾਹਨ ਦੀ ਵਰਤੋਂ ਕਰਨੀ ਪੈਂਦੀ ਹੈ ਜਾਂ ਉਹਨਾਂ ਨੂੰ ਆਪਣੀ ਆਵਾਜਾਈ ਲਈ ਕਿਸੇ ਹੋਰ ਸਵਾਰੀ ਦਾ ਪ੍ਰਬੰਧ ਕਰਨਾ ਪੈਂਦਾ ਹੈ| ਸ਼ਹਿਰ ਦੇ ਅਜਿਹੇ ਵਸਨੀਕ ਜਿਹੜੇ ਖੁਦ ਵਾਹਨ ਨਹੀਂ ਚਲਾ ਸਕਦੇ ਜਾਂ ਵਾਹਨ ਰੱਖਣ ਦੀ ਸਮਰਥਾ ਨਹੀਂ ਰੱਖਦੇ ਇਕ ਥਾਂ ਤੋਂ ਦੂਜੀ ਥਾਂ ਤਕ ਜਾਣ ਲਈ ਆਮ ਤੌਰ ਤੇ ਸਵਾਰੀ ਸਿਸਟਮ ਦੇ ਆਧਾਰ ਤੇ ਚਲਾਏ ਜਾਂਦੇ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਕਰਦੇ ਹਨ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਦੀ ਲੋੜ ਨੂੰ ਕਾਫੀ ਹੱਦ ਤਕ ਪੂਰਾ ਕਰਦੇ ਹਨ ਅਤੇ ਆਟੋ ਦੀ ਇਹ ਸਵਾਰੀ ਆਮ ਲੋਕਾਂ ਨੂੰ ਕਾਫੀ ਸੁਵਿਧਾਜਨਕ ਵੀ ਲੱਗਦੀ ਹੈ ਕਿਉਂਕਿ ਇਹ ਆਟੋ ਚਾਲਕ ਸਵਾਰੀ ਦੀ ਸਹੂਲੀਅਤ ਦੇ ਅਨੁਸਾਰ ਸੜਕ ਤੇ ਕਿਤਿਊਂ ਵੀ ਸਵਾਰੀਆਂ ਬਿਠਾ ਅਤੇ ਉਤਾਰ ਦਿੰਦੇ ਹਨ| ਪਰੰਤੂ ਇਸਦੇ ਨਾਲ ਨਾਲ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਇੱਕ ਪ੍ਰਮੁੱਖ ਕਾਰਨ ਵੀ ਹਨ| ਇਸਦਾ ਕਾਰਨ ਇਹ ਹੈ ਕਿ ਸ਼ਹਿਰ ਦੀਆਂ ਸੜਕਾਂ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਨਾ ਸਿਰਫ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹਨ ਬਲਕਿ ਸੜਕ ਤੇ ਵਾਹਨ ਚਲਾਉਣ ਦੌਰਾਨ ਆਪਣੀਆਂ ਆਪਹੁਦਰੀਆਂ ਕਾਰਨ ਹੋਰਨਾਂ ਵਾਹਨ ਚਾਲਕਾਂ ਲਈ ਖਤਰਾ ਵੀ ਪੈਦਾ ਕਰਦੇ ਹਨ|
ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਾ ਚਾਲਕਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਸ਼ਹਿਰ ਦੀਆਂ ਸੜਕਾਂ ਸਿਰਫ ਉਹਨਾਂ ਲਈ ਹੀ ਬਣਾਈਆਂ ਗਈਆਂ ਹਨ ਅਤੇ ਹੋਰ ਕਿਸੇ ਵੀ ਵਾਹਨ ਨੂੰ ਸ਼ਹਿਰ ਦੀਆਂ ਸੜਕਾਂ ਤੇ ਚੱਲਣ ਦਾ ਅਧਿਕਾਰ ਹੀ ਨਹੀਂ ਹੈ| ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕਰਦੇ ਹਨ ਅਤੇ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਬਣਦੇ ਵੀ ਹਨ| ਇੱਕ ਦੂਜੇ ਤੋਂ ਲੱਗੇ ਵਧਣ ਦੀ ਹੋੜ ਵਿੱਚ ਇਹਨਾਂ ਵਲੋਂ ਪੂਰੀ ਸੜਕ ਘੇਰ ਲਈ ਜਾਂਦੀ ਹੈ ਅਤੇ ਇਹ ਆਟੋ ਚਾਲਕ ਆਪਣੇ ਤੋਂ ਪਿੱਛੇ ਆਉਣ ਵਾਲੇ ਵਾਹਨਾਂ ਨੂੰ (ਵਾਰ ਵਾਰ ਹਾਰਨ ਦੇਣ ਦੇ ਬਾਵਜੂਦ) ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਜਿਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਉਠਾਉਣੀ ਪੈਂਦੀ ਹੈ|
ਇਹ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਖੁਦ ਲਈ ਤਾਂ ਖਤਰਾ ਮੁੱਲ ਲੈਂਦੇ ਹੀ ਹਨ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰੇ ਦਾ ਕਾਰਨ ਬਣਦੇ ਹਨ| ਅਜਿਹੇ ਕਈ ਆਟੋ ਰਿਕਸ਼ੇ ਪਿਛਲੇ ਸਮੇਂ ਦੌਰਾਨ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਅਤੇ ਇਹਨਾਂ ਹਾਦਸਿਆਂ ਦੌਰਾਨ ਆਟੋ ਵਿੱਚ ਬੈਠੀਆਂ ਸਵਾਰੀਆਂ ਜਖਮੀ ਵੀ ਹੁੰਦੀਆਂ ਹਨ|
ਇਸ ਸਭ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਪਤਾ ਨਹੀਂ ਕਿਉਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਉਸਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਉੱਠਦੇ ਹਨ| ਸ਼ਹਿਰ ਵਾਸੀ ਤਾਂ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਪੁਲੀਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਚਾਲਕਾਂ ਤੋਂ ਹਰ ਮਹੀਨੇ ਇੱਕ ਬੱਝਵੀਂ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ| ਇਸਦੇ ਨਾਲ ਨਾਲ ਇਹ ਆਟੋ ਚਾਲਕ ਪੁਲੀਸ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲੀਅਤ ਵੀ ਦਿੰਦੇ ਹਨ ਅਤੇ ਇਸਦੇ ਬਦਲੇ ਇਹਨਾਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਛੂਟ ਦੇ ਦਿੱਤੀ ਜਾਂਦੀ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਾ ਚਾਲਕਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਵੇ| ਜਿਲ੍ਹਾ ਪੁਲੀਸ ਮੁਖੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਲੋੜੀਂਦੀਆਂ ਹਿਦਾਇਤਾਂ ਜਾਰੀ ਕਰਨ| ਇਹਨਾਂ ਆਟੋ ਰਿਕਸ਼ਿਆਂ ਵਾਲਿਆਂ ਵਲੋਂ ਕੀਤੀ ਜਾਣ ਵਾਲੀ ਕਾਨੂੰਨ ਦੀ ਉਲੰਘਣਾ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ ਤਾਂ ਜੋ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *