ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੇ ਕਾਬੂ ਕਰਨ ਲਈ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਵਿਰੁੱਧ ਸਖਤ ਕਾਰਵਾਈ ਜਰੂਰੀ

ਸਾਡੇ ਸ਼ਹਿਰ ਵਿੱਚ ਪ੍ਰਸ਼ਾਸ਼ਨ ਵਲੋਂ ਸਰਕਾਰੀ ਤੌਰ ਤੇ ਜਨਤਕ ਆਵਾਜਾਈ ਦੀ ਕੋਈ ਸਹੂਲੀਅਤ ਮੁਹਈਆ ਨਾ ਕਰਵਾਏ ਜਾਣ ਕਾਰਨ ਜਿਆਦਾਤਰ ਸ਼ਹਿਰ ਵਾਸੀ(ਜਿਹਨਾਂ ਕੋਲ ਆਪਣੇ ਖੁਦ ਦੇ ਵਾਹਨ ਨਹੀਂ ਹਨ ਜਾਂ ਜਿਹੜੇ ਖੁਦ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਨਹੀਂ ਕਰਦੇ) ਇੱਕ ਥਾਂ ਤੋਂ ਦੂਜੀ ਥਾਂ ਤਕ ਜਾਣ ਲਈ ਕਾਫੀ ਹੱਦ ਤਕ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਕਰਦੇ ਹਨ| ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਸਵਾਰੀਆਂ ਦੀ ਸਹੂਲੀਅਤ ਦੇ ਅਨੁਸਾਰ ਸੜਕ ਵਿੱਚ ਕਿਤੇ ਵੀ ਰੁਕ ਕੇ ਸਵਾਰੀ ਨੂੰ ਬਿਠਾ ਜਾਂ ਉਤਾਰ ਦਿੰਦੇ ਹਨ ਅਤੇ ਲੋਕਾਂ ਨੂੰ ਇਹਨਾਂ ਦੀ ਜਿਵੇਂ ਆਦਤ ਜਿਹੀ ਪੈ ਗਈ ਹੈ|
ਇਹ ਆਟੋ ਰਿਕਸ਼ੇ ਆਮ ਲੋਕਾਂ ਦੀ ਆਵਾਜਾਈ ਜਰੂਰਤ  ਨੂੰਤਾਂ  ਪੂਰਾ ਕਰਦੇ ਹਨ ਪਰੰਤੂ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਵੀ ਹਨ| ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ| ਇਹ ਆਟੋ ਵਾਲੇ ਵੱਧ ਤੋਂ ਵੱਧ ਸਵਾਰੀਆਂ ਚੁੱਕਣ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਚਾਹਤ ਵਿੱਚ ਨਾ ਸਿਰਫ ਟ੍ਰੈਫਿਕ ਨਿਯਮਾਂ ਦੀ ਬੁਰੀ ਤਰ੍ਹਾਂ               ਅਣਦੇਖੀ ਕਰਦੇ ਹਨ ਬਲਕਿ ਇਹ ਸੜਕ ਤੇ ਚਲਦੇ ਹੋਰਨਾਂ ਵਾਹਨਾਂ ਵਾਸਤੇ ਖਤਰਾ ਵੀ ਪੈਦਾ ਕਰਦੇ ਹਨ|
ਵੈਸੇ ਵੀ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸ਼ਹਿਰ ਦੀਆਂ ਸੜਕਾਂ ਤੇ ਹੋਰਨਾਂ ਵਾਹਨਾਂ ਦੇ ਮੁਕਾਬਲੇ ਆਟੋ ਰਿਕਸ਼ੇ ਹੀ ਵੱਧ ਨਜਰ ਆਉਂਦੇ ਹਨ| ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਆਪਣੇ ਆਟੋ ਇਸ ਤਰ੍ਹਾਂ ਦੌੜਾਉਂਦੇ ਹਨ ਜਿਵੇਂ ਉਹ ਸੜਕ ਤੇ ਨਾ ਹੋਣ ਬਲਕਿ ਹਵਾ ਵਿੱਚ ਉੜ ਰਹੇ ਹੋਣ| ਆਪਣੇ ਪਿੱਛੇ ਆਉਣ ਵਾਲੇ ਕਿਸੇ ਵਾਹਨ ਵਲੋਂ ਵਾਰ ਵਾਰ ਹਾਰਨ ਦੇਣ ਦੇ ਬਾਵਜੂਦ ਇਹ ਆਟੋ ਚਾਲਕ ਕਿਸੇ ਨੂੰ ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਅਤੇ ਇਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ|
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਆਟੋ ਰਿਕਸ਼ਾ ਚਾਲਕ ਖੁਦ ਆਪਣੇ ਲਈ ਤਾਂ ਖਤਰਾ ਮੁੱਲ ਲੈਂਦੇ ਹੀ ਹਨ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰਾ ਪੈਦਾ ਕਰਦੇ ਹਨ ਅਤੇ  ਸ਼ਹਿਰ ਵਿੱਚ ਚਲਦੇ ਅਜਿਹੇ ਥ੍ਰੀ ਵਹੀਲਰ ਕਈ ਵਾਰ ਹਾਦਸਿਆਂ ਦੌਰਾਨ ਸਵਾਰੀਆਂ ਨੂੰ ਜਖਮੀ ਵੀ ਕਰ ਚੁੱਕੇ ਹਨ| ਇਹਨਾਂ ਆਟੋ ਚਾਲਕਾਂ ਵਿੱਚ ਵੱਡੀ ਗਿਣਤੀ ਅਜਿਹੇ (ਪ੍ਰਵਾਸੀ) ਨੌਜਵਾਨਾਂ ਦੀ ਹੈ ਜਿਹੜੇ ਕਿਰਾਏ ਤੇ ਲੈ ਕੇ ਆਟੋ ਚਲਾਉਂਦੇ ਹਨ ਅਤੇ ਉਹਨਾਂ ਕੋਲ ਆਟੋ ਚਲਾਉਣ ਦਾ ਲਾਈਸੰਸ ਤਕ ਨਹੀਂ ਹੁੰਦਾ, ਪਰੰਤੂ ਹੈਰਾਨੀ ਦੀ ਗੰਲ ਹੈ ਕਿ ਇਸ ਸਭ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪ ਹੁਦਰੀਆਂ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ|
ਸ਼ਹਿਰ ਵਾਸੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ  ਮੰਗ ਕੀਤੀ ਜਾ ਰਹੀ ਹੈ ਕਿ ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਕਾਰਨ ਬਣਨ ਵਾਲੇ ਇਹਨਾਂ ਆਟੋ ਚਾਲਕਾਂ ਤੇ ਕਾਬੂ ਕਰਨ ਲਈ ਪੁਲੀਸ ਵਲੋਂ ਲੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਉੱਥੇ ਇਹਨਾਂ ਆਟੋ ਚਾਲਕਾਂ ਕਾਰਨ ਵਾਪਰਦੇ ਸੜਕ ਹਾਦਸਿਆ ਵਿੱਚ ਵੀ ਵਾਧਾ ਹੋ ਰਿਹਾ ਹੈ|
ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਨੂੰਯਕੀਨੀ ਬਣਾਉਣ ਲਈ ਟ੍ਰੈਫਿਕ ਪੁਲੀਸ ਨੂੰ ਨਵੇਂ ਸਿਰੇ ਤੋਂ ਕਾਰਵਾਈ ਕਰਨ ਦੀਆਂ ਹਿਦਾਇਤਾਂ ਜਾਰੀ ਕਰਨ| ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕਰਨ ਲਈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਅਤੇ ਪੁਲੀਸ ਨੂੰ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *