ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟ ਬਣਦੇ ਆਟੋ-ਚਾਲਕਾਂ ਵਿਰੁੱਧ ਕਾਰਵਾਈ ਹੋਵੇ

ਪਿਛਲੇ ਲੰਬੇ ਸਮੇਂ ਤੋਂ ਸਾਡੇ ਸ਼ਹਿਰ ਦੇ ਵਸਨੀਕ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਬੁਰੀ ਤਰ੍ਹਾਂ ਤ੍ਰਸਤ ਦਿਖਦੇ ਹਨ ਅਤੇ ਉਹ ਅਕਸਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਕਰਦੇ ਹਨ| ਜੇਕਰ ਇਸ ਸੰਬੰਧੀ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਉਹ ਇਸ ਸਮੱਸਿਆ ਲਈ  ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ, ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੇ ਜਾਣ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਉਹਨਾਂ ਦੇ ਖਿਲਾਫ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਜਾਂਦੀ|
ਇਸ ਸੰਬੰਧੀ ਸ਼ਹਿਰ ਵਾਸੀਆਂ ਦੀ ਆਮ ਸ਼ਿਕਾਇਤ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਆਟੋ ਚਾਲਕ ਹੁਣ ਇਸ ਕਦਰ ਬੇਲਗਾਮ ਹੋ ਚੁੱਕੇ ਹਨ ਕਿ ਜੇਕਰ ਕੋਈ ਹੋਰ ਵਾਹਨ ਚਾਲਕ ਇਹਨਾਂ ਵਲੋਂ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਗੱਲ ਕਰਦਾ ਹੈ ਤਾਂ ਅੱਗੋ ਇਹ ਥ੍ਰੀ ਵਹੀਲਰ ਚਾਲਕ ਇਕੱਠੇ ਹੋ ਕੇ ਉਸ ਨਾਲ ਲੜਣ ਲੱਗ ਜਾਂਦੇ ਹਨ| ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚ ਆਮ ਵਾਹਨ ਚਾਲਕਾਂ ਵਲੋਂ  ਕੀਤੀ ਜਾਂਦੀ ਕਿਸੇ ਵੀ ਛੋਟੀ ਵੱਡੀ ਉਲੰਘਣਾ ਲਈ ਉਹਨਾਂ ਦਾ ਤੁਰੰਤ ਚਾਲਾਨ ਕਰ ਦਿੱਤਾ ਜਾਂਦਾ ਹੈ ਪਰੰਤੂ ਜਦੋਂ ਗੱਲ ਇਹਨਾਂ ਆਟੋ ਚਾਲਕਾਂ ਦੀ ਆਉਂਦੀ ਹੈ ਤਾਂ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦੇ ਹਨ|
ਲੋਕਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਸ਼ਹਿਰ ਵਿੱਚ ਆਟੋ ਚਲਾਉਣ ਵਾਲਿਆਂ ਵਿੱਚੋਂ ਜਿਆਦਾਤਰ ਕੋਲ ਨਾ ਤਾਂ ਆਟੋ ਚਲਾਉਣ ਸੰਬੰਧੀ ਲਾਈਸੰਸ ਹੁੰਦਾ ਹੈ ਅਤੇ ਨਾ ਹੀ ਇਹਨਾਂ ਕੋਲ ਆਟੋ ਰਿਕਸ਼ਿਆਂ ਦੇ ਕਾਗਜ ਹੀ ਮੁਕੰਮਲ ਹੁੰਦੇ ਹਨ| ਇਹਨਾਂ ਆਟੋ ਚਾਲਕਾਂ ਵਿੱਚੋਂ ਜਿਆਦਤਰ ਉਹ ਹਨ ਜਿਹੜੇ ਬਿਹਾਰ ਅਤੇ ਯੂ. ਪੀ. ਵਰਗੇ ਸੂਬਿਆਂ ਤੋਂ ਇੱਥੇ ਰੁਜਗਾਰ ਦੀ ਭਾਲ ਵਿੱਚ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਦੋ ਚਾਰ ਦਿਨ ਆਟੋ ਚਲਾਉਣ ਦੀ ਥੋੜ੍ਹੀ ਬਹੁਤ ਜਾਣਕਾਰੀ ਦੇ ਕੇ ਉਹਨਾਂ ਨੂੰ ਕਿਰਾਏ  ਤੇ ਆਟੋ ਦਿਵਾ ਦਿੱਤਾ ਜਾਂਦਾ ਹੈ ਜਿਸਤੋਂ ਬਾਅਦ ਉਹ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਣ ਲੱਗ ਜਾਂਦੇ ਹਨ|
ਲੋਕ ਤਾਂ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਖੁੱਲਂੀ ਛੂਟ ਮਿਲਣ ਕਾਰਨ ਹੁਣ ਸ਼ਾਇਦ ਇਹ ਆਟੋ ਚਾਲਕ ਇਹ ਸਮਝਣ ਲੱਗ ਪਏ ਹਨ ਕਿ ਸ਼ਹਿਰ ਦੀਆਂ ਸੜਕਾਂ ਸਿਰਫ ਉਹਨਾਂ ਲਈ ਹੀ ਬਣਾਈਆਂ ਗਈਆਂ ਹਨ ਅਤੇ ਹੋਰ ਕਿਸੇ ਵੀ ਵਾਹਨ ਨੂੰ ਸ਼ਹਿਰ ਦੀਆਂ ਸੜਕਾਂ ਤੇ ਚੱਲਣ ਦਾ ਅਧਿਕਾਰ ਹੀ ਨਹੀਂ ਹੈ| ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ  ਟ੍ਰੈਫਿਕ ਨਿਯਮਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ| ਆਪਣੇ ਤੋਂ ਪਿੱਛੇ ਆਉਣ ਵਾਲੇ ਵਾਹਨ ਵਲੋਂ ਵਾਰ ਵਾਰ ਹਾਰਨ ਦੇਣ ਦੇ ਬਾਵਜੂਦ ਇਹ ਕਿਸੇ ਨੂੰ ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਅਤੇ ਇਸ ਕਾਰਨ  ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ| ਹੋਰ ਤਾਂ ਹੋਰ ਇਹ ਆਟੋ ਰਿਕਸ਼ਾ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨਾਲ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰਾ ਪੈਂਦਾ ਕਰਦੇ ਹਨ| ਸ਼ਹਿਰ ਵਿੱਚ ਚਲਦੇ ਅਜਿਹੇ ਥ੍ਰੀ ਵਹੀਲਰ ਕਈ ਵਾਰ ਹਾਦਸਿਆਂ ਦੌਰਾਨ ਸਵਾਰੀਆਂ ਨੂੰ ਜਖਮੀ ਵੀ ਕਰ ਚੁੱਕੇ ਹਨ|
ਪਰੰਤੂ ਇਸ ਸਭ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਦੀ ਕਾਰਵਾਈ ਪੁਲੀਸ ਦੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ| ਸ਼ਹਿਰ ਵਾਸੀ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਪੁਲੀਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਚਾਲਕਾਂ ਤੋਂ ਐਂਟਰੀ ਦੇ ਨਾਮ ਤੇ ਹਰ ਮਹੀਨੇ ਇੱਕ ਬੱਝਵੀਂ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ| ਇਹ ਆਟੋ ਚਾਲਕ ਪੁਲੀਸ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲੀਅਤ ਵੀ ਦਿੰਦੇ ਹਨ ਅਤੇ  ਸ਼ਾਇਦ ਇਹੀ ਕਾਰਨ  ਹੈ ਕਿ ਟ੍ਰੈਫਿਕ  ਪੁਲੀਸ ਵਲੋਂ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ|
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਾ ਚਾਲਕਾਂ ਨੂੰ ਸਖਤੀ ਨਾਲ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ| ਇਸ ਤੋਂ ਪਹਿਲਾਂ ਕਿ ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀਆਂ ਆਪਹੁਦਰੀਆਂ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਅਸਰ ਪਵੇ, ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ| ਟ੍ਰੈਫਿਕ ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ ਤਾਂ ਜੋ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *