ਟ੍ਰੈਫਿਕ ਵਿਵਸਥਾ ਸੁਧਾਰਨ ਲਈ ਸੜਕਾਂ ਕਿਨਾਰੇ ਖੜ੍ਹਦੇ ਵਾਹਨਾਂ ਅਤੇ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਨੱਥ ਪਾਏ ਪੁਲੀਸ

ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਅਸੀਂ ਸਾਰੇ ਹੀ ਜਾਣੂ ਹਾਂ ਅਤੇ ਇਸ ਸੰਬੰਧੀ ਸ਼ਹਿਰ ਵਾਸੀ ਅਕਸਰ ਸ਼ਿਕਾਇਤ ਕਰਦੇ ਨਜਰ ਆਉਂਦੇ ਹਨ| ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਈ ਇੱਥੇ ਚਲਦੇ ਆਟੋ ਰਿਕਸ਼ਿਆਂ ਨੂੰ ਸਭ ਤੋਂ ਵੱਧ         ਜਿੰਮੇਵਾਰ ਮੰਨਿਆ ਜਾਂਦਾ ਹੈ ਜਿਹਨਾਂ ਵਲਂੋ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਦੀ ਹੈ| ਇਸਦੇ ਨਾਲ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਚਾਲਕਾਂ ਵਲੋਂ ਆਪਣ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਵੀ ਆਮ ਹੈ ਜਿਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਇਸ ਵੇਲੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਬਬ ਬਣੇ ਹੋਏ ਹਨ| ਸ਼ਹਿਰ ਦੇ ਵਸਨੀਕ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਤੋਂ ਬੁਰੀ ਤਰ੍ਹਾਂ ਤ੍ਰਸਤ ਨਜਰ ਆਉਂਦੇ ਹਨ ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਨਾ ਸਿਰਫ ਅਣਦੇਖੀ ਕੀਤੀ ਜਾਂਦੀ ਹੈ ਬਲਕਿ ਆਪਣੀਆਂ ਆਪਹੁਦਰੀਆਂ ਕਾਰਨ ਇਹ ਹੋਰਨਾਂ ਵਾਹਨ ਚਾਲਕਾਂ ਲਈ ਖਤਰਾ ਪੈਦਾ ਕਰਦੇ ਹਨ|
ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਤੋਂ ਲੋਕਾਂ ਨੂੰ ਆਮ ਸ਼ਿਕਾਇਤ ਹੈ ਕਿ ਇਹਨਾਂ ਵਲੋਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ  ਟ੍ਰੈਫਿਕ ਨਿਯਮਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਜਾਂਦੀ| ਇਹ ਆਟੋ ਚਾਲਕ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਤਾਂ ਬਣਦੇ ਹੀ ਹਨ, ਆਪਣੇ ਪਿੱਛੇ ਆਉਣ ਵਾਲੇ ਵਾਹਨ ਵਲੋਂ ਵਾਰ ਵਾਰ ਹਾਰਨ ਦੇਣ ਦੇ ਬਾਵਜੂਦ ਇਹ ਕਿਸੇ ਨੂੰ ਰਾਹ              ਦੇਣ ਤਕ ਲਈ ਤਿਆਰ ਨਹੀਂ ਹੁੰਦੇ ਅਤੇ ਇਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ|
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਆਟੋ ਰਿਕਸ਼ਾ ਚਾਲਕ ਖੁਦ ਆਪਣੇ ਲਈ ਤਾਂ ਖਤਰਾ ਮੁੱਲ ਲੈਂਦੇ ਹੀ ਹਨ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰਾ ਪੈਂਦਾ ਕਰਦੇ ਹਨ| ਸ਼ਹਿਰ ਵਿੱਚ ਚਲਦੇ ਅਜਿਹੇ ਆਟੋ ਰਿਕਆਿਂ ਨਾਲ ਵਾਪਰਨ ਵਾਲੇ ਹਾਦਸੇ ਕਈ ਵਾਰ ਸਵਾਰੀਆਂ ਨੂੰ ਜਖਮੀ ਵੀ ਕਰ ਚੁੱਕੇ ਹਨ| ਪਰੰਤੂ ਇਸ ਸਭ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਪਤਾ ਨਹੀਂ ਕਿਉਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ|
ਇਸ ਸੰਬੰਧੀ ਦੋ ਕੁ ਸਾਲ ਪਹਿਲਾਂ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੀਆਂ ਗੱਡੀਆਂ ਦੇ ਚਾਲਾਨ ਕੱਟਣ ਦੀ ਮੁਹਿੰਮ ਆਰੰਭੀ ਗਈ ਸੀ ਅਤੇ ਇਸਦੇ ਹਾਂ ਪੱਖੀ ਨਤੀਜੇ ਵੀ ਵੇਖਣ ਵਿੱਚ ਆਏ ਸਨ| ਜਿਲ੍ਹਾ ਪੁਲੀਸ ਦੇ ਐਸ ਐਸ ਪੀ ਦੀ ਨਿੱਜੀ ਨਿਗਰਾਨੀ ਹੇਠ ਟ੍ਰੈਫਿਕ ਪੁਲੀਸ ਵਲੋਂ ਆਰੰਭ ਕੀਤੀ ਗਈ ਇਸ ਮੁਹਿੰਮ ਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਖਿਲਾਫ ਕੀਤੀ ਜਾਣ ਵਾਲੀ ਇਸ ਕਾਰਵਾਈ ਨਾਲ ਆਮ ਲੋਕਾਂ ਵਿੱਚ ਇਹ ਪ੍ਰਭਾਵ ਪੈਂਦਾ ਸੀ ਕਿ ਉਹਨਾਂ ਵਲੋਂ ਟ੍ਰੈਫਿਕ ਨਿਯਮਾ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੁਲੀਸ ਵਲੋਂ ਹਲਕੇ ਵਿੱਚ ਨਹੀਂ ਲਿਆ ਜਾਵੇਗਾ ਅਤੇ ਇਸੇ ਦਾ ਅਸਰ ਸੀ ਕਿ ਵਾਹਨ ਚਾਲਕ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਲੱਗ ਪਏ ਸਨ|
ਪਰੰਤੂ ਇਹ ਮੁਹਿੰਮ ਦੋ ਕੁ ਮਹੀਨੇ ਚਲਣ ਤੋਂ ਬਾਅਦ ਬੰਦ ਕਰ ਦਿੱਤੀ ਗਈ ਅਤੇ ਸਮੇਂ ਦੇ ਨਾਲ ਨਾਲ ਲੋਕਾਂ ਦੇ ਦਿਲੋ ਦਿਮਾਗ ਤੇ ਹਾਵੀ ਹੋਇਆ ਟ੍ਰੈਫਿਕ ਪੁਲੀਸ ਦੀ ਸਖਤੀ ਦਾ ਡਰ ਵੀ ਲਗਭਗ ਖਤਮ ਹੁੰਦਾ ਗਿਆ ਜਿਸ ਕਾਰਨ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਲਗਾਤਾਰ  ਵੱਧ ਰਹੇ ਹਨ| ਸਮੇਂ ਦੀ ਲੋੜ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੇ ਕਾਬੂ ਕਰਨ ਲਈ ਜਿੱਥੇ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੇ ਵਾਹਨਾਂ ਦੇ ਖਿਲਾਫ ਨਵੇਂ ਸਿਰੇ ਤੋਂ ਮੁਹਿੰਮ ਆਰੰਭ ਕੀਤੀ ਜਾਵੇ ਉੱਥੇ ਇਸਦੇ ਨਾਲ ਨਾਲ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤੇ ਕਾਬੂ ਕਰਨ ਲਈ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ                ਜਾਵੇ| ਟ੍ਰੈਫਿਕ ਪੁਲੀਸ ਨੂੰ ਚਾਹੀਦਾ ਹੈ ਕਿ ਉਸ ਵਲੋਂ ਇੱਕ ਵਾਰ ਫਿਰ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਤੇ ਕਾਬੂ ਕਰਨ ਲਈ            ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸਦੇ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਸਖਤੀ ਨਾਲ ਕਾਨੂੰਨ ਦਾ ਪਾਠ ਪੜ੍ਹਾਉਣ ਦੀ ਕਾਰਵਾਈ ਆਰੰਭੀ ਜਾਵੇ| ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਲੋੜੀਂਦੀਆਂ ਹਿਦਾਇਤਾਂ ਜਾਰੀ ਕਰਨ ਅਤੇ ਇਸ ਸੰਬੰਧੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇ|

Leave a Reply

Your email address will not be published. Required fields are marked *