ਟ੍ਰੱਕ ਅਤੇ ਬਸ ਦੀ ਟੱਕਰ ਵਿੱਚ ਬਾਕਸਿੰਗ ਦੇ 12 ਖਿਡਾਰੀ ਜ਼ਖਮੀ, ਫੋਰਟਿਸ ਹਸਪਤਾਲ ਵਿੱਚ ਦਾਖਿਲ ਟ੍ਰੇਨਿੰਗ ਲਈ ਬਸ ਵਿੱਚ ਜਾ ਰਹੇ ਸਨ ਖਿਡਾਰੀ

ਐਸ.ਏ.ਐਸ.ਨਗਰ, 27 ਦਸੰਬਰ (ਸ.ਬ.) ਅੱਜ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਕੁੰਭੜਾ ਚੌਂਕ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬ ਇੰਸਟੀਚਿਉਟ ਆਫ ਸਪੋਰਟਸ ਦੇ ਬਾਕਸਿੰਗ ਦੇ 12 ਖਿਡਾਰੀ ਅਤੇ ਇੱਕ ਮਹਿਲਾ ਕੋਚ ਜ਼ਖਮੀ ਹੋ ਗਏ| ਇਹਨਾਂ ਖਿਡਾਰੀਆਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੇਖੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੁੰਭੜਾ ਚੌਂਕ (ਫਾਰੈਸਟ ਵਿਭਾਗ ਨੇੜੇ) ਦੀਆਂ ਟ੍ਰੈਫਿਕ ਲਾਈਟਾਂ ਤੇ ਫੇਜ਼-7 ਵਾਲੇ ਪਾਸਿਉਂ ਆ ਰਹੇ ਇੱਕ ਟ੍ਰੱਕ ਦੇ ਬੇਕਾਬੂ ਹੋ ਕੇ ਉਲਟ ਜਾਣ ਕਾਰਨ ਵਾਪਰਿਆ| ਇਹ ਟ੍ਰੱਕ ਚੌਂਕ ਤੇ ਮੁੜਣ ਵੇਲੇ ਸਲਿਪ ਹੋ ਕੇ ਉਲਟ ਗਿਆ ਅਤੇ ਘਿਸਟਦਾ ਹੋਇਆ ਬੱਸ ਵਿੱਚ  ਜਾ ਵਜਿਆ ਜਿਸ ਕਾਰਣ ਬੱਸ ਵਿੱਚ ਸਵਾਰ ਸਾਰੇ ਵਿਦਿਆਰਥੀ ਜਖਮੀ ਹੋ ਗਏ ਜਿਹਨਾਂ ਨੂੰ ਮੌਕੇ ਤੇ ਪਹੁੰਚੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ|
ਹਾਦਸਾ ਇੰਨਾ ਜੋਰਦਾਰ ਸੀ ਕਿ ਇਸਦੀ ਆਵਾਜ਼ ਬਹੁਤ ਦੂਰ-ਦੂਰ ਤੱਕ ਸੁਣੀ ਗਈ| ਇਸ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ  ਗਏ| ਮੌਕੇ ਤੇ ਬਸ ਵਿੱਚ ਖੂਨ ਦੇ ਨਿਸ਼ਾਨ ਵੇਖ ਕੇ ਪਤਾ ਲੱਗਦਾ ਸੀ ਕਿ ਖਿਡਾਰੀਆਂ ਨੂੰ ਕਾਫੀ ਸੱਟਾ ਆਈਆਂ ਹਨ|
ਖੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਖਿਡਾਰੀ ਸਵੇਰੇ ਟ੍ਰੇਨਿੰਗ ਵਾਸਤੇ ਸੈਕਟਰ 63 ਦੇ ਸਟੇਡੀਅਮ ਜਾ ਰਹੇ ਸਨ ਜਦੋਂ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ| ਅਧਿਕਾਰੀਆਂ ਵੱਲੋਂ ਖਿਡਾਰੀਆ ਦੇ ਨਾਮ ਦੱਸਣ ਤੋਂ ਕਹਿ ਕੇ ਗੁਰੇਜ ਕੀਤਾ ਗਿਆ ਕਿ ਇਸ ਦਾ ਅਸਰ ਉਹਨਾਂ ਦੇ ਖੇਡ ਭਵਿੱਖ ਤੇ ਪੈ ਸਕਦਾ ਹੈ| ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਚਾਅ ਹੋ ਗਿਆ ਹੈ ਅਤੇ ਸਾਰੇ ਖਿਡਾਰੀ ਠੀਕ ਹਨ|
ਪੰਜਾਬ ਇੰਸਟੀਚਿਊਟ ਸਪੋਰਟਸ ਦੇ ਡਾਇਰੈਕਟਰ ਸ੍ਰ.ਸੁਖਬੀਰ ਸਿੰਘ  ਗਰੇਵਾਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਵਿਭਾਗ ਵੱਲੋਂ ਫਾਰੈਸਟ ਵਿਭਾਗ ਦੀ ਇਮਾਰਤ ਵਿੱਚ ਖਿਡਾਰੀਆਂ ਲਈ ਹੋਸਟਲ ਲਿਆ ਹੋਇਆ ਹੈ ਜਿੱਥੇ ਇਹ ਖਿਡਾਰੀ ਆਪਣੀ ਕੋਚ ਦੇ ਨਾਲ ਸੈਕਟਰ 63 ਵਿੱਚ ਸਥਿਤ ਬਾਕਸਿੰਗ ਟ੍ਰੇਨਿੰਗ ਸੈਂਟਰ ਵਿੱਚ ਜਾ ਰਹੇ ਸਨ ਜਦੋਂ ਚੌਂਕ ਤੇ ਟਰੱਕ ਵਾਲੇ ਵੱਲੋਂ ਬ੍ਰੇਕ ਲਗਾਉਣ ਤੇ ਟਰੱਕ ਬੇਕਾਬੂ ਹੋ ਕੇ ਉਲਟ ਗਿਆ ਅਤੇ ਬੱਸ ਵਿੱਚ ਆ ਵੱਜਿਆ| ਉਹਨਾਂ ਕਿਹਾ ਕਿ 11 ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਆਈਆਂ ਹਨ| ਜਿਹਨਾਂ ਨੂੰ ਮੁੱਢਲੀ ਮਦਦ ਅਤੇ ਜਾਂਚ (ਐਕਸਰੇ ਆਦਿ) ਤੋਂ ਬਾਅਦ ਹਸਪਤਾਲ ਵੱਲੋਂ ਛੁੱਟੀ ਦਿੱਤੀ ਜਾ ਰਹੀ ਹੈ ਜਦੋਂ ਕਿ ਇਕ ਖਿਡਾਰੀ ਦੇ ਕੰਨ ਦੇ ਨੇੜੇ ਫ੍ਰੈਕਚਰ ਆਇਆ ਹੈ ਜਿਸ ਨੂੰ ਹਸਪਤਾਲ ਵਾਲਿਆਂ ਵੱਲੋਂ ਅੰਡਰ ਆਬਜਰਵੇਸ਼ਨ ਰੱਖਿਆ ਗਿਆ  ਹੈ|

Leave a Reply

Your email address will not be published. Required fields are marked *