ਟ੍ਰੱਕ ਯੂਨੀਅਨ ਵਿੱਚ ਸਾਈਕਲ ਚਲਾ ਰਹੇ ਬੱਚੇ ਦੀ ਟ੍ਰੱਕ ਹੇਠਾਂ ਆਉਣ ਕਾਰਨ ਮੌਤ

ਟ੍ਰੱਕ ਯੂਨੀਅਨ ਵਿੱਚ ਸਾਈਕਲ ਚਲਾ ਰਹੇ ਬੱਚੇ ਦੀ ਟ੍ਰੱਕ ਹੇਠਾਂ ਆਉਣ ਕਾਰਨ ਮੌਤ
ਰੋਹ ਵਿੱਚ ਆਏ ਲੋਕਾਂ ਨੇ ਕੀਤਾ ਪਥਰਾਓ, ਟ੍ਰੱਕ ਯੂਨੀਅਨ ਦੇ ਦਫਤਰ ਅਤੇ ਕਈ ਟ੍ਰੱਕਾਂ ਦੇ ਸ਼ੀਸ਼ੇ ਟੁੱਟੇ
ਐਸ. ਏ. ਐਸ ਨਗਰ, 8 ਜੂਨ (ਸ.ਬ.) ਅੱਜ ਸਵੇਰੇ ਮੁਹਾਲੀ ਟ੍ਰੱਕ ਯੂਨੀਅਨ ਵਿੱਚ ਨੇੜੇ ਵਸਦੀ ਝੁੱਗੀ ਕਾਲੋਨੀ ਦੇ ਇੱਕ ਬੱਚੇ ਦੀ ਟਰੱਕ ਹੇਠ ਆਉਣ ਨਾਲ ਹੋਈ ਮੌਤ ਤੋਂ ਰੋਹ ਵਿੱਚ ਆਏ ਝੁੱਗੀ ਕਾਲੋਨੀ ਦੇ ਵਸਨੀਕਾਂ ਨੇ ਟ੍ਰੱਕ ਯੂਨੀਅਨ ਤੇ ਪਥਰਾਓ ਕਰ ਦਿੱਤਾ| ਇਸ ਮੌਕੇ ਟ੍ਰੱਕ ਯੂਨੀਅਨ ਵਾਲਿਆਂ ਵਲੋਂ ਵੀ ਜਵਾਬ ਵਿੱਚ ਪਥਰਾਓ ਕੀਤਾ ਗਿਆ ਅਤੇ ਉੱਥੇ ਦੰਗੇ ਵਰਗੇ ਹਾਲਾਤ ਪੈਦਾ ਹੋ ਗਏ| ਇਸ ਮੌਕੇ ਉੱਥੇ ਪੁਲੀਸ ਫੋਰਸ ਵੀ ਮੌਜੂਦ ਸੀ ਅਤੇ ਇਹ ਸਾਰਾ ਕੁੱਝ ਪੁਲੀਸ ਦੀ ਮੌਜੂਦਗੀ ਵਿੱਚ ਹੀ ਵਾਪਰਿਆ| ਕੁੱਝ ਸਮਾਂ ਬਾਅਦ ਮੌਕੇ ਤੇ ਐਸ ਪੀ ਸਿਟੀ ਸ੍ਰ. ਜਗਜੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਪਹੁੰਚੀ ਪੁਲੀਸ ਫੋਰਸ ਵਲੋਂ ਕਿਸੇ ਤਰ੍ਹਾਂ ਮੌਕਾ ਸੰਭਾਲਿਆ ਗਿਆ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੱਕ ਯੂਨੀਅਨ ਦੇ ਬਿਲਕੁਲ ਨਾਲ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲਾ ਸ਼ਿਵਮ ਨਾਮ ਦਾ ਇੱਕ ਬੱਚਾ (ਉਮਰ 14 ਸਾਲ) ਸਵੇਰੇ 10:30 ਵਜੇ ਦੇ ਕਰੀਬ ਟਰੱਕ ਯੂਨੀਅਨ ਦੇ ਅੰਦਰ ਸਾਇਕਲ ਚਲਾ ਰਿਹਾ ਸੀ| ਇਸ ਦੌਰਾਨ ਯੂਨੀਅਨ ਦੇ ਅੰਦਰੋਂ ਨਿਕਲ ਰਹੇ ਇੱਕ ਟਰੱਕ ਨੇ ਇਸ ਬੱਚੇ ਨੂੰ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਝੁੱਗੀਆਂ ਵਾਲੇ ਇੱਕਠੇ ਹੋ ਗਏ ਅਤੇ ਟ੍ਰੱਕ ਅਤੇ ਡ੍ਰਾਈਵਰ ਨੂੰ ਮੌਕੇ ਤੇ ਬੁਲਾਉਣ ਦੀ ਜਿੱਦ ਕਰਨ ਲੱਗ ਗਏ| ਇਸ ਦੌਰਾਨ ਮੌਕੇ ਤੇ ਪੀ. ਸੀ. ਆਰ ਅਤੇ ਫੇਜ਼-6 ਹਸਪਤਾਲ ਚੌਂਕੀ ਦੇ ਮੁਲਾਜ਼ਮ ਵੀ ਪਹੁੰਚ ਗਏ| ਪਰ ਬੱਚੇ ਦੇ ਪਰਿਵਾਰ ਵਾਲੇ ਇਸ ਗੱਲ ਤੇ ਅੜ੍ਹੇ ਰਹੇ ਕਿ ਜਦੋਂ ਤੱਕ ਟਰੱਕ ਦਾ ਮਾਲਿਕ ਤੇ ਡ੍ਰਾਈਵਰ ਮੌਕੇ ਤੇ ਨਹੀਂ ਆਉਂਦੇ, ਉਹ ਬੱਚੇ ਦੀ ਲਾਸ਼ ਨਹੀਂ ਚੁਕਣ ਦੇਣਗੇ|
ਇਸ ਦੌਰਾਨ ਅਚਾਨਕ ਮਾਹੌਲ ਖਰਾਬ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਵੱਲ ਤੇ ਪੱਥਰਬਾਜ਼ੀ ਸ਼ੁਰੂ ਹੋ ਗਈ| ਇਸ ਪੱਥਰਬਾਜ਼ੀ ਦੌਰਾਨ ਕੁੱਝ ਵਿਅਕਤੀਆਂ ਦੇ ਸੱਟਾਂ ਵੀ ਲੱਗੀਆਂ ਅਤੇ ਯੂਨੀਅਨ ਵਿੱਚ ਖੜ੍ਹੇ ਕਈ ਟਰੱਕਾਂ ਅਤੇ ਟ੍ਰੱਕ ਯੂਨੀਅਨ ਦੇ ਦਫਤਰ ਦੇ ਸ਼ੀਸ਼ੇ ਟੁੱਟ ਗਏ| ਇਸ ਦੌਰਾਨ ਪੁਲੀਸ ਉੱਥੇ ਬੇਬਸ ਹੋ ਕੇ ਇੱਕ ਪਾਸੇ ਖੜ੍ਹੀ ਰਹੀ ਜਦੋਂਕਿ ਦੋਵੇਂ ਧਿਰਾਂ ਲਗਭਗ 15 ਮਿਨਟ ਤਕ ਇੱਕ ਦੂਜੇ ਦੇ ਖਿਲਾਫ ਪਥਰਾਓ ਕਰਦੀਆਂ ਰਹੀਆਂ| ਬਾਅਦ ਵਿੱਚ ਐਸ ਪੀ ਸਿਟੀ ਸ੍ਰ ਜਗਜੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਪਹੁੰਚੀ ਪੁਲੀਸ ਫੋਰਸ ਵਲੋਂ ਮੌਕਾ ਸਾਂਭਿਆ ਗਿਆ ਅਤੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ|
ਐਸ ਪੀ ਸਿਟੀ ਸ੍ਰ. ਜਗਜੀਤ ਸਿੰਘ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ| ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਟ੍ਰੱਕ ਦੇ ਡ੍ਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ| ਪੁਲੀਸ ਵਲੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਫੇਜ਼ 6 ਦੇ ਸਿਵਲ ਹਸਪਤਾਲ ਭਿਜਵਾਇਆ ਗਿਆ ਹੈ ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *