ਠੁਸ ਹੋ ਗਿਆ ਵਿਰੋਧੀ ਧਿਰ ਦਾ ਅਵਿਸ਼ਵਾਸ ਮਤਾ

ਇਸ ਗੱਲ ਉਤੇ ਕਿਸੇ ਨੂੰ ਹੈਰਾਨੀ ਨਹੀਂ ਹੋਈ ਹੋਵੇਗੀ ਕਿ ਤੇਲੁਗੂ ਦੇਸ਼ਮ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਲੋਕਸਭਾ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਅਵਿਸ਼ਵਾਸ਼ ਮਤਾ ਵੋਟਾਂ ਤੋਂ ਬਾਅਦ ਮੂਧੇ ਮੂੰਹ ਡਿੱਗ ਗਿਆ| ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਮੌਨਸੂਨ ਸੈਸ਼ਨ ਦੇ ਸ਼ੁਰੂ ਵਿੱਚ ਹੀ ਸਰਕਾਰ ਦੇ ਖਿਲਾਫ ਅਵਿਸ਼ਵਾਸ਼ ਮਤਾ ਅਖੀਰ ਕਿਉਂ ਲਿਆਇਆ ਗਿਆ? ਵਿਰੋਧੀ ਧਿਰ ਨੂੰ ਪਤਾ ਸੀ ਕਿ ਲੋਕ ਸਭਾ ਵਿੱਚ ਬਹੁਗਿਣਤੀ ਉਸਦੇ ਕੋਲ ਨਹੀਂ ਹੈ ਤਾਂ ਫਿਰ ਅਖੀਰ ਉਹ ਕਿਸ ਗੱਲ ਦੀ ਪ੍ਰੀਖਿਆ ਲੈਣੀ ਚਾਹ ਰਿਹਾ ਸੀ? ਸੰਵਿਧਾਨ ਦੇ ਮੁਤਾਬਕ ਕੋਈ ਵੀ ਰਾਜਨੀਤਿਕ ਦਲ ਸੱਤਾ ਵਿੱਚ ਉਦੋਂ ਤੱਕ ਬਣਿਆ ਰਹਿ ਸਕਦਾ ਹੈ, ਜਦੋਂ ਤੱਕ ਉਸਦੇ ਕੋਲ ਬਹੁਮਤ ਲਈ ਜ਼ਰੂਰੀ ਬਹੁਗਿਣਤੀ ਹੋਵੇ| ਸੰਵਿਧਾਨ ਦੀ ਧਾਰਾ 75 (3) ਵਿੱਚ ਸਪਸ਼ਟ ਨਿਯਮ ਹੈ ਕਿ ਮੰਤਰੀਪ੍ਰੀਸ਼ਦ ਸਮੂਹਿਕ ਰੂਪ ਨਾਲ ਲੋਕ ਸਭਾ ਦੇ ਪ੍ਰਤੀ ਉਤਰਦਾਈ ਹੋਵੇਗਾ| ਲੋਕ ਸਭਾ ਨਿਯਮਾਂ ਦੇ ਤਹਿਤ ਬਹੁਗਿਣਤੀ ਸਮੂਹਿਕ ਜ਼ਿੰਮੇਵਾਰੀ ਦਾ ਪ੍ਰੀਖਣ ਕਰਦਾ ਹੈ| ਤਾਂ ਕੀ ਵਿਰੋਧੀ ਧਿਰ ਇਸ ਅਵਿਸ਼ਵਾਸ਼ ਮਤਾ ਰਾਹੀਂ ਭਾਜਪਾ ਦੇ ਸਾਂਸਦਾਂ ਅਤੇ ਉਸਦੇ ਸਹਿਯੋਗੀ ਦਲਾਂ ਦੀ ਨਿਸ਼ਠਾ ਨੂੰ ਪਰਖਣਾ ਚਾਹੁੰਦਾ ਸੀ, ਜੋ ਪ੍ਰਧਾਨ ਮੰਤਰੀ ਮੋਦੀ ਤੋਂ ਅਸੰਤੁਸ਼ਟ ਮੰਨੇ ਜਾ ਰਹੇ ਸਨ| ਸੰਸਦ ਦੇ ਇਤਿਹਾਸ ਵਿੱਚ ਇਹ 27ਵਾਂ ਅਵਿਸ਼ਵਾਸ ਪ੍ਰਸਤਾਵ ਸੀ| ਇਸ ਤੋਂ ਪਹਿਲਾਂ ਜੋ ਵੀ ਸੱਤਾਧਾਰੀ ਦਲ ਵੋਟਾਂ ਜਿੱਤਣ ਵਿੱਚ ਅਸਫਲ ਰਹੀ ਹੈ, ਉਹ ਗਠਬੰਧਨਾਂ ਦੀ ਸਰਕਾਰ ਸੀ| ਅਜੇ ਤੱਕ ਇੱਕ ਵੀ ਅਜਿਹਾ ਉਦਾਹਰਣ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿਸੇ ਪਾਰਟੀ ਦੀ ਆਪਣੇ ਬਲ ਤੇ ਸਰਕਾਰ ਹੋਵੇ ਅਤੇ ਉਹ ਵਿਸ਼ਵਾਸ ਮਤ ਹਾਸਲ ਨਾ ਕਰ ਸਕੀ ਹੋਵੇ| ਜਾਹਿਰ ਹੈ ਕਿ ਅਵਿਸ਼ਵਾਸ਼ ਮਤੇ ਰਾਹੀਂ ਵਿਰੋਧੀ ਧਿਰ ਅਤੇ ਸਰਕਾਰ ਦੋਵੇਂ ਆਪਣੇ ਮੁੱਦਿਆਂ ਨੂੰ ਜਨਤਾ ਤੱਕ ਪੰਹੁਚਾਉਣਾ ਚਾਹੁੰਦੇ ਸਨ|
ਸ਼ਾਇਦ ਇਸ ਲਈ ਲੋਕ ਸਭਾ ਸਪੀਕਰ ਨੇ ਅਵਿਸ਼ਵਾਸ਼ ਮਤਾ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ| ਅਵਿਸ਼ਵਾਸ਼ ਪ੍ਰਸਤਾਵ ਤੇ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਹਾਲਤ, ਬੇਰੁਜਗਾਰੀ ਅਤੇ ਭੀੜ ਵੱਲੋਂ ਹੱਤਿਆ ਵਰਗੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਿਆ| ਭਾਸ਼ਣ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਮੋਦੀ ਨੂੰ ਗਲੇ ਲਗਾ ਕੇ ਇਹ ਜਿਤਾਇਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਸਹਿਯੋਗੀ ਹਨ| ਉਨ੍ਹਾਂ ਦੀ ਇਸ ਭਾਸ਼ਾ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਰਾਜਨੀਤੀ ਵਿੱਚ ਛਵੀਆਂ ਅਤੇ ਪ੍ਰਤੀਕਾਂ ਦੇ ਮਹੱਤਵ ਦਾ ਗਿਆਨ ਹੈ, ਪਰੰਤੂ ਉਨ੍ਹਾਂ ਨੇ ਸਾਥੀਆਂ ਨੂੰ ਅੱਖ ਦਬਾ ਕੇ ਇਸ਼ਾਰਾ ਕਰਕੇ ਖੁਦ ਨੂੰ ਹਾਸੋਹੀਣਾ ਬਣਾ ਲਿਆ| ਰਾਫੇਲ ਸੌਦੇ ਤੇ ਵੀ ਉਨ੍ਹਾਂ ਦੀ ਟਿੱਪਣੀ ਥੋਥੀ ਸਾਬਤ ਹੋਈ| ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਇਸ ਅਵਿਸ਼ਵਾਸ਼ ਪ੍ਰਸਤਾਵ ਆਪਣੀ ਪਾਰਟੀ ਦੇ ਪੱਖ ਵਿੱਚ ਕਰਨ ਵਿੱਚ ਸਫਲ ਰਹੇ| ਇਸ ਮੌਕੇ ਉਹ ਸਰਕਾਰ ਦੀਆਂ ਉਪਲੱਬਧੀਆਂ ਨੂੰ ਜਨਤਾ ਦੇ ਸਾਹਮਣੇ ਰੱਖਣ ਵਿੱਚ ਪੂਰੀ ਤਰ੍ਹਾਂ ਸਫਲ ਰਹੇ|
ਨਵੀਨ ਕੁਮਾਰ

Leave a Reply

Your email address will not be published. Required fields are marked *