ਠੇਕਾ ਕਾਮਿਆਂ ਨੇ ਪਰਿਵਾਰਾਂ ਸਮੇਤ ਕਿਰਤ ਕਮਿਸ਼ਨਰ ਦਾ ਦਫਤਰ ਘੇਰਿਆ ਕਿਰਤ ਮੰਤਰੀ ਤੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦਾ ਇਲਜਾਮ ਲਗਾਇਆ
ਐਸ ਏ ਐਸ ਨਗਰ, 15 ਦਸੰਬਰ (ਸ.ਬ.) ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ, 108 ਐਂਬੂਲੈਂਸ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਅੱਗੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਗਿਆ| ਧਰਨੇ ਵਿੱਚ ਸੀ. ਐਚ. ਬੀ ਵਾਟਰ ਸਪਲਾਈ ਸੀਵਰੇਜ ਬੋਰਡ, 108 ਐਂਬੂਲੈਂਸ, ਹੈਲਥ ਕਾਰਪੋਰੇਸ਼ਨ ਠੇਕਾ ਕਾਮਿਆਂ ਵੱਲੋਂ ਪਰਿਵਾਰਾਂ ਸਮੇਤ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ| ਇਸ ਮੌਕੇ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਕਿਰਤ ਵਿਭਾਗ ਸਬੰਧਤ ਮੈਨੇਜਮੈਂਟਾਂ ਅਤੇ ਕਿਰਤ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ|
ਇਸ ਮੌਕੇ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸ਼ੇਰ ਸਿੰਘ ਖੰਨਾ, ਗੁਰਪ੍ਰੀਤ ਸਿੰਘ ਗੁਰੀ, ਲਖਵੀਰ ਸਿੰਘ ਕਟਾਰੀਆ ਅਤੇ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਰਮਚਾਰੀਆਂ ਵਲੋਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਠੇਕਾ ਕਾਮਿਆਂ ਦੀਆਂ ਛਾਂਟੀਆਂ ਪੱਕੇ ਤੌਰ ਤੇ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ , ਸੰਬੰਧੀ ਲਿਖਤੀ ਫੈਸਲੇ ਹੋਏ ਸਨ ਜਿਹਨਾਂ ਨੂੰ ਪਾਵਰਕੌਮ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ|
ਉਹਨਾਂ ਇਲਜਾਮ ਲਗਾਇਆ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਠੇਕੇਦਾਰ ਕੰਪਨੀਆਂ ਅਤੇ ਸੁਸਾਇਟੀਆਂ ਵਲੋਂ ਕਰਮਚਾਰੀਆਂ ਦੀ ਲੁੱਟ ਕੀਤੀ ਜਾ ਰਹੀ ਹੈ| ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਉੱਪਰ ਕੱਚੇ ਕਾਮੇ 15-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ ਪਰ ਕਿਰਤ ਵਿਭਾਗ ਵਲੋਂ ਉਹਨਾਂ ਵਾਸਤੇ ਇੱਕ ਵੀ ਕਾਨੂੰਨ ਲਾਗੂ ਨਹੀਂ ਕੀਤਾ ਗਿਆ| ਉਹਨਾਂ ਮੰਗ ਕੀਤੀ ਕਿ ਠੇਕੇਦਾਰਾਂ ਨੂੰ ਬਾਹਰ ਕਰਕੇ ਵਿਭਾਗ ਵਲੋਂ ਸਿੱਧੀ ਭਰਤੀ ਕੀਤੀ ਜਾਵੇ|
ਇਸ ਦੌਰਾਨ 108 ਐਂਬੂਲੈਂਸ ਯੂਨੀਅਨ ਅਤੇ ਸੀਵਰੇਜ ਬੋਰਡ ਕਾਮਿਆਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰਕੇ ਆਪਣੀਆਂ ਮੰਗਾਂ ਨੂੰ ਉਭਾਰਿਆ ਗਿਆ| 108 ਐਂਬੂਲੈਂਸ ਕਾਮਿਆਂ ਨੇ ਕਿਹਾ ਕਿ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਮੈਨੇਜਮੈਂਟ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੰਮ ਤੋਂ ਹਟਾਇਆ ਗਿਆ| ਸੀਵਰੇਜ ਬੋਰਡ ਵਿਚ ਕੰਮ ਕਰਦੇ ਕਾਮਿਆਂ ਵਾਸਤੇ ਘੱਟੋ ਘੱਟ ਉਜਰਤ ਲਾਗੂ ਨਹੀਂ ਕੀਤੀ ਜਾ ਰਹੀ ਅਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟਾਂ ਘੱਟੋ ਘੱਟ ਉਜਰਤ ਲਾਗੂ ਕਰਨ ਤੋਂ ਲਗਾਤਾਰ ਭੱਜ ਰਹੀਆਂ ਹਨ ਅਤੇ ਅਜਿਹਾ ਕਰਕੇ ਠੇਕਾ ਕਾਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ|