ਠੇਕਾ ਮੁਲਾਜਮਾਂ ਵਲੋਂ ਅਰਥੀ ਫੂਕ ਮੁਜਾਹਰਾ

ਐਸ ਏ ਐਸ ਨਗਰ, 28 ਅਗਸਤ ( ਸ.ਬ. ) ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਵਿਧਾਨ ਸਭਾ ਸੈਸ਼ਨ ਦੌਰਾਨ ਫੇਜ਼ 6 ਮੁਹਾਲੀ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਸਮਾਪਤ ਕਰ ਦਿੱਤੀ ਗਈ | ਭੁੱਖ ਹੜਤਾਲ ਖਤਮ ਕਰਨ ਉਪਰੰਤ ਫੇਜ਼ 6 ਵਿਖੇ ਕਾਂਗਰਸ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕਣ ਉਪਰੰਤ ਗੁਰੂਦੁਆਰਾ ਸਾਹਿਬ ਵਿਖੇ ਜਾ ਕੇ ਸਰਕਾਰ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਕੀਤੀ| ਇਸ ਦੌਰਾਨ ਐਸ.ਡੀ.ਐਮ ਮੁਹਾਲੀ ਵੱਲੋਂ ਭੁੱਖ ਹੜਤਾਲੀ ਕੈਂਪ ਵਿਚ ਆ ਕੇ ਮੰਗ ਪੱਤਰ ਲਿਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜਮ ਆਗੂ ਸੱਜਣ ਸਿੰਘ ਨੇ ਕਿਹਾ ਕਿ ਸੂਬੇ ਦੇ ਮੁਲਾਜ਼ਮ ਕਾਂਗਰਸ ਸਰਕਾਰ ਦੇ ਬਨਣ ਤੋਂ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੌਜਵਾਨਾਂ ਤੇ ਮੁਲਾਜ਼ਮਾਂ ਦੀ ਕੋਈ ਗੱਲ ਨਹੀ ਸੁਣ ਰਹੀ ਹੈ| ਪਹਿਲੇ 17 ਮਹੀਨਿਆਂ ਵਿੱਚ ਹੀ ਸਰਕਾਰ ਫੇਲ੍ਹ ਹੋ ਗਈ ਹੈ ਤੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੁਲਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਸਰਕਾਰ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਹੈ, ਨਾ ਹੀ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਤੇ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਵੀ ਸਰਕਾਰ ਨੇ ਦੱਬ ਲਈਆਂ ਹਨ ਉਲਟਾਂ ਕੰਨਟ੍ਰੈਕਟ ਮੁਲਾਜ਼ਮਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਵੀ 2400 ਰੁਪਏ ਟੈਕਸ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ ਜੋ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਸਬੂਤ ਹੈ| ਉਹਨਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ਦੇ ਕੇ ਸੋਸ਼ਣ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਹਰ 6 ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਖਦੀ ਹੈ ਕਿ ਲੋਕਾਂ ਦੀ ਲੋੜ ਅਨੁਸਾਰ ਲੋਕ ਹਿੱਤ ਲਈ ਬਿੱਲ ਪੇਸ਼ ਕੀਤੇ ਜਾਣ ਜੋ ਐਕਟ ਬਣਾ ਕੇ ਲਾਗੂ ਕੀਤੇ ਜਾਣ ਪਰ ਨੌਜਵਾਨ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਾਂਗਰਸ ਸਰਕਾਰ ਨੇ ਨੌਜਵਾਨ ਦੇ ਹਿੱਤਾਂ ਲਈ ਵਿਧਾਨ ਸਭਾ ਵਿੱਚ ਪਾਸ ਕੀਤਾ ਐਕਟ ਸਿਰਫ ਕਾਗਜ਼ ਦਾ ਟੁਕੜਾ ਬਣਾ ਦਿੱਤਾ ਹੈ ਤੇ ਉਸ ਐਕਟ ਦੇ ਬਨਣ ਦੇ 19 ਮਹੀਨੇ ਬੀਤਣ ਤੇ ਵੀ ਕੋਈ ਗੱਲ ਨਹੀ ਕੀਤੀ|
ਉਹਨਾਂ ਕਿਹਾ ਕਿ 1 ਸਤੰਬਰ ਨੂੰ ਮੁਲਾਜ਼ਮਾਂ ਦਾ 51 ਮੈਂਬਰੀ ਵਫਦ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਮੁਲਾਕਾਤ ਕਰੇਗਾ ਅਤੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਵੱਲੋਂ 20 ਸਤੰਬਰ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਕਰਕੇ ਪ੍ਰਮੁੱਖ ਆਗੂ ਮਰਨ ਵਰਤ ਸ਼ੁਰੂ ਕਰੇਗਾ| ਇਸ ਮੌਕੇ ਮੁਲਾਜਮ ਆਗੂ ਰਣਜੀਤ ਸਿੰਘ ਰਾਣਵਾਂ ਅਸ਼ੀਸ਼ ਜੁਲਾਹਾ, ਪਵਨ ਗਡਿਆਲ, ਅਮ੍ਰਿੰਤਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ, ਚੰਦਨ ਸਿੰਘ, ਕ੍ਰਿਸ਼ਨ ਪ੍ਰਸ਼ਾਦਿ, ਪ੍ਰੇਮ ਚੰਦ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *