ਠੇਕਾ ਮੁਲਾਜਮ ਐਕਸ਼ਨ ਕਮੇਟੀ ਵਲੋਂ ਦੁਸਹਿਰਾ ਗ੍ਰਾਉਂਡ ਵਿਖੇ ਰੋਸ ਧਰਨਾ

ਐਸ ਏ ਅੇਸ ਨਗਰ, 17 ਫਰਵਰੀ (ਸ.ਬ.) ਸਥਾਨਕ ਫੇਜ਼ 8 ਦੀ ਦੁਸਹਿਰਾ ਗ੍ਰਾਉਂਡ ਵਿਖੇ ਅੱਜ ਠੇਕਾ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵਲੋਂ ਰੋਸ ਧਰਨਾ ਦਿਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਇਮਰਾਨ ਭੱਟੀ ਨੇ ਕਿਹਾ ਕਿ ਪੰਜਾਬ ਦੇ ਠੇਕਾ ਮੁਲਾਜਮ ਪਿਛਲੇ 11 ਮਹੀਨਿਆਂ ਤੋਂ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਵਲੋਂ ਉਹਨਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿਤਾ ਜਾ ਰਿਹਾ| ਇਸ ਕਰਕੇ ਅੱਜ ਠੇਕਾ ਮੁਲਾਜਮਾਂ ਵਲੋਂ ਮੁੱਖ ਮੰਤਰੀ ਮਿਲਾਓ ਤੇ ਇਨਾਮ ਪਾਓ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ| ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਏਗਾ ਉਸ ਵਿਅਕਤੀ ਦੇ ਘਰ ਪੜੇ ਲਿਖੇ 21 ਕੱਚੇ ਮੁਲਾਜਮਾਂ ਵਲੋਂ ਮਜਦੂਰਾਂ ਵਾਂਗ 21 ਦਿਹਾੜੀਆਂ ਲਗਾਈਆਂ ਜਾਣਗੀਆਂ| ਇਸੇ ਤਰ੍ਹਾਂ ਜਿਹੜਾ ਵਿਅਕਤੀ ਉਹਨਾਂ ਦੀ ਮੀਟਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨਾਲ ਕਰਵਾਏਗਾ ਤਾਂ ਪੜੇ ਲਿਖੇ 11 ਕੱਚੇ ਮੁਲਾਜਮ ਉਸ ਵਿਅਕਤੀ ਦੇ ਘਰ 11 ਦਿਨ ਮਜਦੂਰਾਂ ਵਾਂਗ ਦਿਹਾੜੀ ਕਰਨਗੇ|
ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਉਹਨਾਂ ਦੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਵਾਏਗਾ ਤਾਂ ਕਮੇਟੀ ਦੇ 51 ਮੈਂਬਰ ਉਸ ਨੂੰ ਇਕ ਦਿਨ ਦੀ ਤਨਖਾਹ ਦੇਣਗੇ|
ਉਹਨਾਂ ਕਿਹਾ ਕਿ ਪੰਜਾਬ ਦੀ ਇਸ ਤੋਂ ਮਾੜੀ ਹਾਲਤ ਕੀ ਹੋਵੇਗੀ ਕਿ ਇਸਦੇ ਠੇਕਾ ਆਧਾਰਿਤ ਮੁਲਾਜਮਾਂ ਵਲੋਂ ਆਪਣੇ ਆਪ ਨੂੰ ਦਿਹਾੜੀਆਂ ਕਰਨ ਲਈ ਪੇਸ਼ ਕੀਤਾ ਜਾ ਰਿਹਾ ਹੈ| ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਨੌਜਵਾਨ ਕੀ ਕਰਨਗੇ ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ|
ਉਹਨਾਂ ਕਿਹਾ ਕਿ ਚੋਣਾਂ ਮੌਕੇ ਸਰਕਾਰ ਬਣਨ ਤੋਂ ਪਹਿਲਾਂ ਖੁਦ ਕੈਪਟਨ ਅਮਰਿੰਦਰ ਸਿੰਘ ਠੇਕਾ ਮੁਲਾਜਮਾਂ ਦੇ ਸੰਘਰਸ ਦਾ ਸਮਰਥਨ ਕਰਦੇ ਰਹੇ ਹਨ ਪਰ ਵੋਟਾਂ ਲੈਣ ਤੋਂ ਬਾਅਦ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਮੁਲਾਜਮਾਂ ਦਾ ਸ਼ੰਘਰਸ ਨਜਰ ਹੀ ਨਹੀਂ ਆ ਰਿਹਾ| ਉਹਨਾਂ ਕਿਹਾ ਕਿ ਕਾਂਗਰਸ ਚੋਣਾਂ ਵੇਲੇ ਠੇਕਾ ਮੁਲਾਜਮਾਂ ਨਾਲ ਕੀਤੇ ਗਏ ਸਾਰੇ ਹੀ ਵਾਅਦੇ ਭੁੱਲ ਗਈ ਹੈ ਪਰ ਠੇਕਾ ਮੁਲਾਜਮ ਕਾਂਗਰਸ ਨੂੰ ਚੋਣਾਂ ਮੌਕੇ ਉਹਨਾਂ ਨਾਲ ਕੀਤੇ ਗਏ ਸਾਰੇ ਵਾਅਦੇ ਯਾਦ ਕਰਵਾ ਕੇ ਹੀ ਰਹਿਣਗੇ|
ਉਹਨਾਂ ਕਿਹਾ ਕਿ ਜੇ ਮੁੱਖ ਮੰਤਰੀ ਨੇ ਜਲਦੀ ਹੀ ਉਹਨਾਂ ਨੂੰ ਮੀਟਿੰਗ ਕਰਨ ਲਈ ਸਮਾਂ ਨਾ ਦਿੱਤਾ ਤਾਂ ਉਹਨਾਂ ਵਲੋਂ ਭੁੱਖ ਹੜ੍ਹਤਾਲ ਸ਼ੁਰੂ ਕਰ ਦਿਤੀ ਜਾਵੇਗੀ|
ਇਸ ਮੌਕੇ ਕਮੇਟੀ ਦੇ ਚੇਅਰਮੈਨ ਸੱਜਣ ਸਿੰਘ, ਸਕੱਤਰ ਜਨਰਲ ਅਸ਼ੀਸ਼ ਜੁਲਾਹਾ, ਪ੍ਰੈਸ ਸਕੱਤਰ ਰਜਿੰਦਰ ਸਿੰਘ, ਆਗੂ ਗੁਰਪ੍ਰੀਤ ਸਿੰਘ, ਵਰਿੰਦਰਪਾਲ ਸਿੰਘ, ਪ੍ਰਵੀਨ, ਦਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਠੇਕਾ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ ਗਈ|

Leave a Reply

Your email address will not be published. Required fields are marked *