ਠੇਕਾ ਮੁਲਾਜਮ ਐਕਸ਼ਨ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ

ਐਸ. ਏ. ਐਸ ਨਗਰ, 4 ਅਗਸਤ (ਭਗਵੰਤ ਸਿੰਘ ਬੇਦੀ) ਪੰਜਾਬ ਸਰਕਾਰ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਠੇਕਾ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ| ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ| ਰੋਹ ਵਿੱਚ ਆਏ ਮੁਲਾਜਮਾਂ ਨੇ ਬਾਅਦ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਵੱਲ ਮਾਰਚ ਕੀਤਾ|
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ ਇਮਰਾਨ ਭੱਟੀ, ਅਸ਼ੀਸ਼ ਜੁਲਾਹ, ਅੰਮ੍ਰਿਤਪਾਲ ਸਿੰਘ, ਰਜਿੰਦਰ ਸਿੰਘ ਸੰਧਾ, ਰਣਜੀਤ ਸਿੰਘ ਰਾਣਵਾਂ, ਰਵਿੰਦਰ ਰਵੀ, ਪ੍ਰਵੀਨ ਸ਼ਰਮਾ, ਚੰਦਨ ਕੁਮਾਰ, ਕ੍ਰਿਸ਼ਨ ਪ੍ਰਸ਼ਾਦ, ਪਵਨ ਗਡਿਆਲ, ਰਾਕੇਸ਼ ਕੁਮਾਰ, ਸਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਚੋਣਾਂ ਦੌਰਾਨ ਹਰ ਇਕ ਵਰਗ ਲਈ ਚੋਣ ਮਨੋਰਥ ਪੱਤਰ ਜਾਰੀ ਕਰਕੇ ਆਮ ਜਨਤਾ ਅਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਭਰਮਾਇਆ ਸੀ ਅਤੇ ਚੋਣ ਮਨੋਰਥ ਪੱਤਰ ਬਣਾਉਣ ਵਿਚ ਕਾਂਗਰਸ ਦੇ ਸਭ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਮੌਜੂਦਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਮਿਲ ਸਨ| ਪਰ ਹੁਣ 16 ਮਹੀਨੇ ਬੀਤ ਜਾਣ ਤੇ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਦਰਜ਼ ਨੌਜਵਾਨਾਂ ਤੇ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ|
ਆਗੂਆਂ ਨੇ ਕਿਹਾ ਕਿ ਪੰਜਾਬ ਸਭਾ ਵੱਲੋਂ ਪਾਸ ਕੀਤੇ ਐਕਟ ਅਨਸਾਰ ਤਿੰਨ ਸਾਲ ਦੀ ਸੇਵਾ ਵਾਲੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਣਾ ਸੀ ਪਰ ਹੁਣ ਮੌਜੂਦਾ ਸਰਕਾਰ ਐਕਟ ਵਿੱਚ ਸੋਧ ਕਰਕੇ 10 ਸਾਲ ਦੀ ਸ਼ਰਤ ਲਗਾਉਣ ਤੇ ਕਾਰਵਾਈ ਕਰ ਰਹੀ ਹੈ ਜਿਸ ਸਬੰਧੀ ਬੀਤੇ ਕੱਲ ਸਕੱਤਰ ਪ੍ਰਸੋਲਨ ਏ.ਐਸ. ਮਿਗਲਾਨੀ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਸਪਸ਼ਟ ਕੀਤਾ ਗਿਆ ਕਿ ਪ੍ਰਸੋਲਨ ਵਿਭਾਗ ਵੱਲੋਂ ਜਾਰੀ ਪੱਤਰ 10 ਸਾਲ ਦੀ ਸ਼ਰਤ ਅਤੇ ਸੈਕਸ਼ਨ ਪੋਸਟ ਦੀ ਸ਼ਰਤ ਲਗਾ ਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਕਟ ਵਿੱਚ ਸੋਧ ਕਰਨ ਦਾ ਵਿਰੋਧ ਕਰਦੇ ਹਾਂ ਅਤੇ ਰੈਗੁਲਾਈਜੇਸ਼ਨ ਐਕਟ 2016 ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਹਾਂ|
ਸ੍ਰੀ ਅਸ਼ੀਸ਼ ਜੁਲਾਲਾ ਨੇ ਕਿਹਾ ਕਿ 25 ਅਗਸਤ ਨੂੰ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ ਦੇ ਘਰ ਜਾ ਕੇ ਆਪਣੇ ਸਰੀਰ ਤੇ ਪਾਏ ਹੋਏ ਕੱਪੜੇ ਵੀ ਉਨ੍ਹਾਂ ਨੂੰ ਦੇ ਕੇ ਆਉਣਗੇ ਕਿਉਂਕਿ ਸਰਕਾਰ ਦਿਨ ਬ ਦਿਨ ਸਭ ਕੁੱਝ ਉਨ੍ਹਾਂ ਕੋਲੋਂ ਖੋਹੀ ਜਾ ਰਹੀ ਹੈ| ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਤੁਰੰਤ ਗੱਲਬਾਤ ਨਾ ਕੀਤੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭ ਵੱਲੋਂ ਪਾਸ ਕੀਤਾ ਐਕਟ ਲਾਗੂ ਨਾ ਕੀਤਾ ਤਾਂ ਵਿਧਾਨ ਸਭਾ ਸੈਸ਼ਨ ਦੌਰਾਨ ਗੁਪਤ ਐਕਸ਼ਨ ਕੀਤੇ ਜਾਣਗੇ|

Leave a Reply

Your email address will not be published. Required fields are marked *