ਠੇਕੇਦਾਰ ਨੇ ਪੁਲੀਸ ਅਧਿਕਾਰੀ ਤੇ ਤਿੰਨ ਮੰਜ਼ਿਲਾ ਕੋਠੀ ਬਣਵਾ ਕੇ 28 ਲੱਖ 62 ਹਜਾਰ ਦੀ ਅਦਾਇਗੀ ਨਾ ਕਰਨ ਦਾ ਇਲਜਾਮ ਲਗਾਇਆ

ਠੇਕੇਦਾਰ ਨੇ ਪੁਲੀਸ ਅਧਿਕਾਰੀ ਤੇ ਤਿੰਨ ਮੰਜ਼ਿਲਾ ਕੋਠੀ ਬਣਵਾ ਕੇ 28 ਲੱਖ 62 ਹਜਾਰ ਦੀ ਅਦਾਇਗੀ ਨਾ ਕਰਨ ਦਾ ਇਲਜਾਮ ਲਗਾਇਆ
ਜੇਕਰ ਅਦਾਇਗੀ ਨਾ ਹੋਈ ਤਾਂ ਡੀ ਐਸ ਪੀ ਦੀ ਕੋਠੀ ਅੱਗੇ ਦੇਵਾਂਗੇ ਧਰਨਾ : ਬਲਵਿਦਰ ਕੁੰਭੜਾ
ਐਸ. ਏ. ਐਸ. ਨਗਰ, 26 ਮਈ (ਸ.ਬ.) ਮਕਾਨ ਉਸਾਰੀ ਦਾ ਕੰਮ ਕਰਨ ਵਾਲੇ ਇੱਕ ਠੇਕੇਦਾਰ ਰਣਜੀਤ ਸਿੰਘ ਵਲੋਂ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਪੁਲੀਸ ਦੇ ਇੱਕ ਡੀ ਐਸ ਪੀ ਪੱਧਰ ਦੇ ਅਧਿਕਾਰੀ ਤੇ ਇਲਜਾਮ ਲਗਾਇਆ ਗਿਆ ਕਿ ਉਕਤ ਡੀ ਐਸ ਪੀ ਵਲੋਂ ਉਸਤੋਂ ਸਥਾਨਕ ਸੈਕਟਰ 79 ਵਿੱਚ ਆਪਣੀ 12 ਮਰਲੇ ਦੀ ਕੋਠੀ ਦੀ ਉਸਾਰੀ ਕਰਵਾ ਕੇ ਹੁਣ ਉਸਦੀ 28 ਲੱਖ 62 ਹਜਾਰ ਰੁਪਏ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਬਲਕਿ ਉਲਟਾ ਉਸਨੂੰ ਪੁਲੀਸ ਦੀ ਵਰਦੀ ਦੀ ਧੌਂਸ ਦੇ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਡੀ. ਐਸ. ਪੀ ਦੀ ਕੋਠੀ ਬਣਾਉਣ ਲਈ ਸਮੇਤ ਮੈਟੀਰੀਅਲ 775 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਠੇਕਾ ਕੀਤਾ ਸੀ ਅਤੇ ਇਸ ਦਾ ਬਕਾਇਦਾ ਐਗਰੀਮੈਂਟ ਵੀ ਡੀ. ਐਸ. ਪੀ ਨਾਲ ਹੋਇਆ ਸੀ| ਕੋਠੀ ਦਾ ਕੰਮ ਚਲਦਿਆਂ ਤੱਕ ਤਾਂ ਡੀ. ਐਸ. ਪੀ ਉਸ ਨੂੰ ਭੁਗਤਾਨ ਕਰਦਾ ਰਿਹਾ ਜਿਸ ਦੌਰਾਨ ਵੱਖ ਵੱਖ ਚੈਕਾਂ ਰਾਂਹੀ ਅਤੇ ਨਕਦ ਕੁੱਲ 30 ਲੱਖ 95 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਗਿਆ ਪ੍ਰੰਤੂ ਹੁਣ ਬਾਕੀ 28 ਲੱਖ 62 ਹਜਾਰ ਰੁਪਏ ਦਾ ਭੁਗਤਾਨ ਰੋਕ ਲਿਆ ਗਿਆ ਹੈ|
ਠੇਕੇਦਾਰ ਨੇ ਦੱਸਿਆ ਕਿ ਜਦੋਂ ਉਹ ਡੀ. ਐਸ. ਪੀ ਕੋਲ ਪੈਸੇ ਮੰਗਣ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਡਰਾਉਣ ਧਮਕਾਉਣ ਲੱਗ ਜਾਂਦਾ ਹੈ ਕਿ ਉਹ ਠੇਕੇਦਾਰ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦੇਵੇਗਾ| ਉਸਨੇ ਦੱਸਿਆ ਕਿ ਡੀ. ਐਸ. ਪੀ ਵੱਲੋਂ ਭੁਗਤਾਨ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਡੀ. ਐਸ. ਪੀ ਨੂੰ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਵੀ ਭੇਜਿਆ ਹੈ| ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਇਹਨੀ ਦਿਨੀਂ ਉਸ ਦੀ ਮਾਤਾ ਦੀਆਂ ਕਿਡਨੀਆਂ ਖਰਾਬ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਚੱਲ ਰਿਹਾ ਹੈ ਅਤੇ ਹਰ ਰੋਜ਼ ਮਾਤਾ ਜੀ ਦਾ ਡਾਇਲਸਿਸ ਕਰਵਾਉਣਾ ਪੈਂਦਾ ਹੈ| ਡੀ.ਐਸ.ਪੀ ਵੱਲੋਂ ਕੋਠੀ ਦੀ ਕੰਸਟਰੱਕਸ਼ਨ ਦੀ ਪੇਮੈਂਟ ਨਾ ਕੀਤੇ ਜਾਣ ਕਾਰਨ ਉਸ ਦੀ ਪ੍ਰੇਸ਼ਾਨੀ ਹੋਰ ਵੱਧ ਰਹੀ ਹੈ|
ਇਸ ਮੌਕੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਖੂਨ ਪਸੀਨੇ ਦੀ ਕਮਾਈ ਕਰਨ ਵਾਲੇ ਠੇਕੇਦਾਰ ਰਣਜੀਤ ਸਿੰਘ ਦੀ ਬਕਾਇਆ ਰਾਸ਼ੀ ਦਬਾਉਣ ਵਾਲੇ ਡੀ. ਐਸ. ਪੀ ਦੇ ਖਿਲਾਫ ਸ਼ਖਤ ਕਾਰਵਾਈ ਕਰਦਿਆਂ ਠੇਕੇਦਾਰ ਦਾ ਭੁਗਤਾਨ ਤੁਰੰਤ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਵੇਂ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਪੁਲੀਸ ਉਤੇ ਹਰ ਵੇਲੇ ਲਗਾਮ ਕਸਣ ਦੀ ਗੱਲ ਕੀਤੀ ਜਾਂਦੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੇ ਪੁਲੀਸ ਅਫਸਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ| ਇਸ ਦੀ ਮਿਸਾਲ ਉਕਤ ਡੀ. ਐਸ. ਪੀ ਵੱਲੋਂ ਆਪਣੀ ਸੈਕਟਰ 79 ਵਿੱਚ ਪ੍ਰਾਈਵੇਟ ਠੇਕੇਦਾਰ ਤੋਂ ਬਣਵਾਈ ਤਿੰਨ ਮੰਜ਼ਿਲਾਂ ਕੋਠੀ ਦਾ ਲੱਖਾਂ ਰੁਪਏ ਦਾ ਭੁਗਤਾਨ ਨਾ ਕਰਨ ਤੋਂ ਮਿਲਦੀ ਹੈ| ਉਹਨਾਂ ਕਿਹਾ ਕਿ ਜੇਕਰ ਡੀ.ਐਸ. ਪੀ ਨੇ ਠੇਕੇਦਾਰ ਰਣਜੀਤ ਸਿੰਘ ਦੀ ਬਕਾਇਆ ਰਾਸ਼ੀ 28 ਲੱਖ 62 ਹਜਾਰ ਰੁਪਏ ਦਾ ਭੁਗਤਾਨ ਨਾ ਕੀਤਾ ਤਾ ਫਰੰਟ ਵੱਲੋਂ ਠੇਕੇਦਾਰ ਰਣਜੀਤ ਸਿੰਘ ਦੇ ਨਾਲ ਮਿਲ ਕੇ ਡੀ. ਐਸ. ਪੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜਿਹੜਾ ਭੁਗਤਾਨ ਕੀਤੇ ਜਾਣ ਤੱਕ ਜਾਰੀ ਰਹੇਗਾ|

Leave a Reply

Your email address will not be published. Required fields are marked *