ਠੇਕੇਦਾਰ ਯੂਨੀਅਨ ਨੇ ਗਮਾਡਾ ਅਧਿਕਾਰੀਆਂ ਉੱਪਰ ਆਪਣੇ ਚਹੇਤੇ ਠੇਕੇਦਾਰ ਨੂੰ ਫਾਇਦਾ ਦੇਣ ਦਾ ਇਲਜਾਮ ਲਗਾਇਆ

ਠੇਕੇਦਾਰ ਯੂਨੀਅਨ ਨੇ ਗਮਾਡਾ ਅਧਿਕਾਰੀਆਂ ਉੱਪਰ ਆਪਣੇ ਚਹੇਤੇ ਠੇਕੇਦਾਰ ਨੂੰ ਫਾਇਦਾ ਦੇਣ ਦਾ ਇਲਜਾਮ ਲਗਾਇਆ
ਕਿਹਾ: ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕੰਪਨੀ ਨੂੰ ਬਲੈਕ ਲਿਸਟ ਕਰਨ ਦੀ ਥਾਂ ਕੰਮ ਦੇ ਕੇ ਨਵਾਜ ਰਹੇ ਹਨ ਅਧਿਕਾਰੀ
ਐਸ ਏ ਐਸ ਨਗਰ, 16 ਨਵੰਬਰ (ਸ.ਬ.) ਕਟਰੈਕਰ ਐਸੋਸੀਏਸ਼ਨ ਪੂਡਾ ਨੇ ਗਮਾਡਾ ਅਧਿਕਾਰੀਆਂ ਤੇ ਇਲਜਾਮ ਲਗਾਇਆ ਹੈ ਕਿ ਉਹਨਾਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਆਪਣੀ ਇੱਕ ਚਹੇਤੀ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਕੰਪਨੀ ਨੂੰ ਨਵੇਂ ਕੰਮ ਦੇ ਕੇ ਨਵਾਜਿਆ ਜਾ ਰਿਹਾ ਹੈ| ਸੰਸਥਾ ਦੇ ਪ੍ਰਧਾਨ ਸ੍ਰ. ਹਰਸ਼ਦੀਪ ਸਿੰਘ ਸਰਾਂ ਅਤੇ ਜਨਰਲ ਸਕੱਤਰ ਸ੍ਰੀ ਵੇਦ ਪ੍ਰਕਾਸ਼ ਗੋਇਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਮਾਡਾ ਅਧਿਕਾਰੀਆਂ ਵਲੋਂ ਇੱਕ ਪਾਸੇ ਤਾਂ ਮਾੜੀ ਜਿਹੀ ਵੀ ਕਮੀ ਹੋਣ ਤੇ ਠੇਕੇਦਾਰ ਨੂੰ ਨੋਟਿਸ ਦੇ ਕੇ ਉਸਨੂੰ ਬਲੈਕ ਲਿਸਟ ਜਾਂ ਡੀ ਬਾਰ ਕਰ ਦਿੱਤਾ ਜਾਂਦਾ ਹੈ ਪਰੰਤੂ ਇਸ ਕੰਪਨੀ ਵਲੋਂ ਵਾਰ ਵਾਰ ਬੇਨਿਯਮੀਆਂ ਕੀਤੇ ਜਾਣ ਦੇ ਬਾਵਜੂਦ ਗਮਾਡਾ ਅਧਿਕਾਰੀ ਇਸ ਤੇ ਮਿਹਰਬਾਨ ਹਨ ਅਤੇ ਉਸਨੂੰ ਇੱਕ ਤੋਂ ਬਾਅਦ ਇੱਕ ਕੰਮ ਅਲਾਟ ਕੀਤੇ ਜਾ ਰਹੇ ਹਨ|
ਠੇਕੇਦਾਰ ਵਲੋਂ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਕਤ ਕੰਪਨੀ ਵੈਸ਼ ਕੰਸਟ੍ਰਕਸ਼ਨ ਨੂੰ ਆਈ ਟੀ ਪਾਰਕ ਦੀਆਂ ਸੜਕਾਂ ਦੇ ਰੱਖ ਰਖਾਓ ਦਾ ਟੈਂਡਰ ਅਲਾਟ ਕਰਨ ਦੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ| ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਗਮਾਡਾ ਵਲੋਂ ਜਦੋਂ ਪਹਿਲੀ ਵਾਰ ਇਹ ਟੈਂਡਰ ਜਾਰੀ ਕੀਤਾ ਗਿਆ ਸੀ ਉਸ ਵੇਲੇ ਸਿਰਫ ਇੱਕ ਕੰਪਨੀ ਵਲੋਂ ਟੈਂਡਰ ਭਰਨ ਕਾਰਨ ਇਹ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਅਤੇ ਜਦੋਂ ਦੁਬਾਰਾ ਟੈਂਡਰ ਜਾਰੀ ਹੋਇਆ ਤਾਂ ਗਮਾਡਾ ਵਲੋਂ ਇਸ ਕੰਮ ਤੇ ਹੋਣ ਵਾਲੀ ਜੀ ਐਸ ਟੀ ਦੀ ਅਦਾਇਗੀ ਬਾਰੇ ਸਪਸ਼ਟ ਸਥਿਤੀ ਨਾ ਦੱਸਣ ਤੇ ਠੇਕੇਦਾਰਾਂ ਵਲੋਂ ਵੇਲੇ ਟੈਂਡਰ ਦਾ ਬਾਈਕਾਟ ਕੀਤਾ ਗਿਆ ਜਦੋਂਕਿ ਵੈਸ਼ ਕੰਸਟ੍ਰਕਸ਼ਨ ਕੰਪਨੀ ਵਲੋਂ ਇਹ ਟੈਂਡਰ ਭਰਿਆ ਗਿਆ ਅਤੇ ਸਿੰਗਲ ਟੈਂਡਰ ਹੋਣ ਦੇ ਬਾਵਜੂਦ ਗਮਾਡਾ ਵਲੋਂ ਇਹ ਕੰਮ ਉਕਤ ਕੰਪਨੀ ਨੂੰ ਅਲਾਟ ਕੀਤਾ ਜਾ ਰਿਹਾ ਹੈ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸਤੋਂ ਪਹਿਲਾਂ ਵੀ ਗਮਾਡਾ ਵਲੋਂ ਇਸ ਕੰਪਨੀ ਨੂੰ ਨਿਯਮਾਂ ਤੋਂ ਉਪਰ ਉਠ ਕੇ ਕੰਮ ਅਲਾਟ ਕੀਤੇ ਜਾਂਦੇ ਰਹੇ ਹਨ| ਪੱਤਰ ਵਿੱਚ ਇਲਜਾਮ ਲਗਾਇਆ ਗਿਆ ਹੈ ਕਿ ਗਮਾਡਾ ਅਧਿਕਾਰੀਆਂ ਵਲੋਂ ਮਿਲੀਭੁਗਤ ਨਾਲ ਇਸ ਕੰਪਨੀ ਨੂੰ ਪੀ ਆਰ 9 ਅਤੇ ਟੀ ਡੀ ਆਈ 200 ਫੁੱਟ ਸੜਕ ਦੇ ਰੱਖ ਰਖਾਓ ਦਾ ਕੰਮ ਵੀ ਅਲਾਟ ਕੀਤਾ ਗਿਆ ਸੀ ਜਦੋਂਕਿ ਇਸ ਸੰਬੰਧੀ ਹੇਠਲੇ ਅਧਿਕਾਰੀਆਂ ਵਲੋਂ ਇਤਰਾਜ ਚੁੱਕਿਆ ਗਿਆ ਸੀ| ਇਸਦੇ ਬਾਵਜੂਦ ਉੱਚ ਅਧਿਕਾਰੀਆਂ ਵਲੋਂ ਯੋਗ ਨਾ ਹੋਣ ਦੇ ਬਾਵਜੂਦ ਇਸ ਕੰਪਨੀ ਨੂੰ ਇਹ ਕੰਮ ਅਲਾਟ ਕਰ ਦਿੱਤਾ ਗਿਆ| ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੰਜਾਬ ਵਿਜੀਲੈਂਸ ਵਿਭਾਗ ਦੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਅਤੇ ਇਸ ਕੰਪਨੀ ਤੋਂ 30-35 ਲੱਖ ਦੀ ਰਿਕਵਰੀ ਕੀਤੇ ਜਾਣ ਦੇ ਬਾਵਜੂਦ ਗਮਾਡਾ ਅਧਿਕਾਰੀ ਇਸ ਕੰਪਨੀ ਤੇ ਮਿਹਰਬਾਨ ਹਨ ਜਿਸਦਾ ਮੁੱਖ ਕਾਰਨ ਇਹ ਹੈ ਕਿ ਵਿਭਾਗ ਦਾ ਇੱਕ ਸਾਬਕਾ ਮੁੱਖ ਇੰਜਨੀਅਰ ਇਸ ਕੰਪਨੀ ਵਿੱਚ ਹਿੱਸੇਦਾਰ ਹੈ| ਪੱਤਰ ਵਿੱਚ ਇਲਜਾਮ ਲਗਾਇਆ ਗਿਆ ਹੈ ਕਿ ਕੰਪਨੀ ਵਲੋਂ ਸਥਾਨਕ ਗੋਲਫ ਰੇਂਜ ਵਿੱਚ ਸਜਾਵਟੀ ਗੋਲੇ ਲਗਾਉਣ ਦਾ ਕੰਮ ਲਗਭਗ ਤਿੰਨ ਸਾਲ ਪਿਛੜ ਜਾਣ (ਅਤੇ ਹੁਣ ਤਕ ਮੁਕੰਮਲ ਨਾ ਹੋਣ ਦੇ ਬਾਵਜੂਦ) ਕੰਪਨੀ ਨੂੰ ਬਲੈਕ ਲਿਸਟ ਨਹੀਂ ਕੀਤਾ ਗਿਆ ਬਲਕਿ ਇਸਨੂੰ ਇੱਕ ਤੋਂ ਬਾਅਦ ਇੱਕ ਕੰਮ ਅਲਾਟ ਕੀਤੇ ਜਾ ਰਹੇ ਹਨ|
ਇਸ ਸੰਬੰਧੀ ਸੰਪਰਕ ਕਰਨ ਤੇ ਵੈਸ਼ ਕੰਸਟ੍ਰਕਸ਼ਨ ਕੰਪਨੀ ਦੇ ਮੁਖੀ ਸ੍ਰੀ ਵਿਸ਼ਾਲ ਨੇ ਕਿਹਾ ਕਿ ਜਿਹਨਾਂ ਠੇਕੇਦਾਰਾਂ ਵਲੋਂ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਉਹ ਖੁਦ ਵੱਖ ਵੱਖ ਮਹਿਕਮਿਆਂ ਵਲੋਂ ਬਲੈਕ ਲਿਸਟ ਕੀਤੇ ਜਾ ਚੁਕੇ ਹਨ| ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਤੇ ਲਗਾਏ ਜਾਣ ਵਾਲੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਹਨ ਅਤੇ ਇਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ| ਉਹਨਾਂ ਕਿਹਾ ਕਿ ਇਹ ਇਲਜਾਮ ਸਿਰਫ ਇਸ ਕਰਕੇ ਲਗਾਏ ਜਾ ਰਹੇ ਹਨ ਕਿਉਂਕਿ ਉਹ ਇਹਨਾਂ ਠੇਕੇਦਾਰਾਂ ਦੇ ਗਰੁੱਪ ਦਾ ਹਿੱਸਾ ਨਹੀਂ ਬਣਦੇ ਅਤੇ ਹੋਰਨਾਂ ਕੰਪਨੀਆਂ ਤੋਂ ਘੱਟ ਰੇਟ ਤੇ ਟੈਂਡਰ ਭਰਕੇ ਮੈਰਿਟ ਦੇ ਆਧਾਰ ਤੇ ਕੰਮ ਹਾਸਿਲ ਕਰਦੇ ਹਨ| ਉਹਨਾਂ ਕਿਹਾ ਕਿ ਉਕਤ ਠੇਕੇਦਾਰਾਂ ਵਲੋਂ ਉਹਨਾਂ ਤੇ ਇਹ ਦਬਾਓ ਪਾਇਆ ਜਾਂਦਾ ਰਿਹਾ ਹੈ ਕਿ ਉਹ ਕੰਪਨੀ ਨੂੰ ਅਲਾਟ ਹੋਣ ਵਾਲੇ ਕੰਮ ਦਾ ਕੁੱਝ ਹਿੱਸਾ ਉਹਨਾਂ ਨੂੰ ਦੇ ਦੇਣ ਪਰੰਤੂ ਉਹ ਕਦੇ ਵੀ ਇਹਨਾਂ ਦੇ ਨਾਲ ਨਹੀਂ ਰਲੇ ਅਤੇ ਇਸ ਕਰਕੇ ਇਹਨਾਂ ਵਲੋਂ ਸਮੇਂ ਸਮੇਂ ਤੇ ਉਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ|
ਸੰਪਰਕ ਕਰਨ ਤੇ ਗਮਾਡਾ ਦੇ ਮੁੱਖ ਇੰਜਨੀਅਰ ਸ੍ਰੀ ਸੁਨੀਲ ਕਾਂਸਲ ਨੇ ਕਿਹਾ ਕਿ ਗਮਾਡਾ ਵਲੋਂ ਹੁਣੇ ਆਈ ਟੀ ਸਿਟੀ ਦਾ ਟੈਂਡਰ ਅਲਾਟ ਨਹੀਂ ਕੀਤਾ ਗਿਆ ਹੈ ਅਤੇ ਵਿਭਾਗ ਵਲੋਂ ਜੀ ਐਸ ਟੀ ਬਾਰੇ ਸਪਸ਼ਟੀਕਰਨ ਹਾਸਿਲ ਕੀਤਾ ਜਾ ਰਿਹਾ ਹੈ| ਉਕਤ ਕੰਪਨੀ ਬਾਰੇ ਠੇਕੇਦਾਰਾਂ ਵਲੋਂ ਲਗਾਏ ਇਲਜਾਮਾਂ ਬਾਰੇ ਉਹਨਾਂ ਕਿਹਾ ਕਿ ਠੇਕੇਦਾਰਾਂ ਦਾ ਇਹ ਪੱਤਰ ਉਹਨਾਂ ਨੂੰ ਵੀ ਮਿਲਿਆ ਹੈ ਅਤੇ ਇਸਦੀ ਜਾਂਚ ਕਰਵਾਈ ਜਾਵੇਗੀ| ਉਹਨਾਂ ਕਿਹਾ ਕਿ ਗਮਾਡਾ ਵਲੋਂ ਕਿਸੇ ਵੀ ਠੇਕੇਦਾਰ ਨੂੰ ਕੰਮ ਅਲਾਟ ਕਰਨ ਵੇਲੇ ਉਸਤੋਂ ਹਲਫੀਆ ਬਿਆਨ ਲਿਆ ਜਾਂਦਾ ਹੈ ਕਿ ਉਕਤ ਠੇਕੇਦਾਰ ਨੂੰ ਕਿਸੇ ਵੀ ਵਿਭਾਗ ਵਲੋਂ ਬਲੈਕ ਲਿਸਟ ਨਹੀਂ ਕੀਤਾ ਗਿਆ ਅਤੇ ਉਸਤੋਂ ਬਾਅਦ ਹੀ ਉਸਨੂੰ ਕੰਮ ਅਲਾਟ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *