ਠੇਕੇਦਾਰ ਯੂਨੀਅਨ ਵਲੋਂ ਗਮਾਡਾ ਵਿੱਚ ਹੋਏ ਘਪਲਿਆਂ ਦੀ ਜਾਂਚ ਦੀ ਮੰਗ

ਐਸ ਏ ਐਸ ਨਗਰ, 15 ਜੂਨ (ਸ.ਬ.) ਗਮਾਡਾ ਦੀ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਅਰਸ਼ਦੀਪ ਸਰਾਂ ਅਤੇ ਜਨਰਲ ਸਕੱਤਰ ਸ੍ਰੀ ਵੇਦ ਪ੍ਰਕਾਸ਼ ਗੋਇਲ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਗਏ ਗਮਾਡਾ ਦੇ ਚੀਫ  ਇੰਜੀਨੀਅਰ ਸੁਰਿੰਦਰ ਸਿੰਘ ਤੋਂ ਪਹਿਲਾਂ ਰਹੇ ਚੀਫ ਇੰਜਨੀਅਰ ਵੀ ਘਪਲੇਬਾਜੀ ਕਰਦੇ ਰਹੇ ਹਨ| ਇਸ ਲਈ ਉਹਨਾਂ ਵਿਰੁੱਧ  ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਅੱਜ ਇੱਕ ਬਿਆਨ ਵਿੱਚ ਸ੍ਰੀ ਸਰਾਂ ਅਤੇ ਸ੍ਰੀ ਗੋਇਲ ਨੇ ਕਿਹਾ ਕਿ ਉਹ 30 ਸਾਲ ਤੋਂ ਠੇਕੇਦਾਰੀ ਕਰਦੇ ਆ ਰਹੇ ਹਨ| ਪਹਿਲਾਂ ਵੀ ਗਮਾਡਾ ਵਿੱਚ ਨਿਯਮਾਂ ਦੇ ਉਲਟ ਜਾ ਕੇ ਟੈਂਡਰ ਦਿਤੇ ਜਾਂਦੇ ਰਹੇ ਹਨ| ਸਾਲ 2014 ਵਿੱਚ ਉਸ ਸਮੇਂ ਦੇ ਚੀਫ ਇੰਜੀਨੀਅਰ ਨੇ ਇੱਕ ਕੰਪਨੀ ਨੂੰ ਐਰੋਸਿਟੀ ਦੇ ਖੱਬੇ ਤੇ ਸੱਜੇ ਪਾਸੇ ਦਾ ਠੇਕਾ 132.42 ਕਰੋੜ ਅਤੇ 148.45 ਕਰੋੜ ਰੁਪਏ ਵਿੱਚ ਦਿਤਾ| ਇਸੇ ਤਰ੍ਹਾਂ ਆਈ ਟੀ ਸਿਟੀ  ਦਾ ਠੇਕਾ 392.62 ਕਰੋੜ ਵਿੱਚ ਇਸੇ ਕੰਪਨੀ ਨੂੰ ਦਿਤਾ ਜੋ ਕਿ 7.22 ਫੀਸਦੀ ਘੱਟ ਸੀ|
ਉਹਨਾਂ ਦੋਸ਼ ਲਾਇਆ ਕਿ ਇਹਨਾਂ ਤਿੰਨਾਂ ਸੜਕਾਂ ਉਪਰ ਫੁੱਲਾਂ ਦੀਆਂ ਥੈਲੀਆਂ ਲਾਉਣ ਦਾ ਕੰਮ ਇਕ ਕੰਪਨੀ ਨੂੰ ਪ੍ਰਤੀ ਥੈਲੀ 55 ਰੁਪਏ ਦਿਤਾ ਜਦੋਂ ਕਿ ਇਹ ਥੈਲੀਆਂ ਦਾ ਕੰਮ ਇੱਕ ਹੋਰ ਕੰਪਨੀ ਨੂੰ 35 ਰੁਪਏ ਪ੍ਰਤੀ ਥੈਲੀ ਦੇ ਕੇ ਕਰਵਾਇਆ ਗਿਆ|
ਉਹਨਾਂ ਕਿਹਾ ਕਿ ਇਸ ਤਰ੍ਹਾਂ ਇਕੋ ਕੰਮ ਦੇ ਦੋ-ਦੋ ਰੇਟ ਨਿਸ਼ਚਿਤ ਕਰਕੇ ਕੰਮ ਵਿੱਚ ਵੱਡੇ ਪੱਧਰ ਉਪਰ ਘਪਲੇਬਾਜੀ ਕੀਤੀ ਗਈ ਹੈ|
ਉਹਨਾਂ ਕਿਹਾ ਕਿ ਗਮਾਡਾ ਵਲੋਂ ਆਪਣੇ ਚਹੇਤੇ ਵੱਡੇ ਠੇਕੇਦਾਰਾਂ ਨੂੰ  ਠੇਕੇ ਦੇਣ ਲਈ ਅਜਿਹੇ ਨਿਯਮ ਬਣਾ ਦਿਤੇ ਗਏ ਹਨ ਤਾਂ ਕਿ ਛੋਟੇ ਠੇਕੇਦਾਰ ਟੈਂਡਰ ਹੀ ਨਾ ਭਰ ਸਕਣ ਅਤੇ ਜੇ ਉਹ ਟੈਂਡਰ ਭਰਨ ਤਾਂ ਉਹ ਰੱਦ ਕਰ ਦਿਤੇ ਜਾਣ|
ਉਹਨਾਂ ਮੰਗ ਕੀਤੀ ਕਿ ਐਨਲਿਸਟਮੈਂਟ  ਦੇ ਆਧਾਰ ਤੇ ਟੈਂਡਰ ਖੁਲੇ ਭਰਨ ਦੀ ਆਗਿਆ ਦਿਤੀ ਜਾਵੇ ਅਤੇ ਸੁਰਿੰਦਰ ਪਹਿਲਵਾਨ ਤੋਂ ਪਹਿਲਾਂ ਰਹੇ ਚੀਫ ਇੰਜੀਨੀਅਰ ਦੌਰਾਨ ਹੋਏ ਘਪਲਿਆਂ ਦੀ ਵੀ ਜਾਂਚ ਕੀਤੀ    ਜਾਵੇ|

Leave a Reply

Your email address will not be published. Required fields are marked *